Terrorists attack CRPF patrolling party: ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਪਾਰਟੀ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਸੀਆਰਪੀਐਫ 179 ਬਟਾਲੀਅਨ ਦੇ 4 ਜਵਾਨ ਜ਼ਖਮੀ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਗਸ਼ਤ ਕਰ ਰਹੀ ਪਾਰਟੀ ‘ਤੇ ਹਮਲਾ ਕੀਤਾ ਹੈ ।
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ ਸੀਆਰਪੀਐਫ ਦੀ ਇੱਕ ਪਾਰਟੀ ਗਸ਼ਤ ਲਈ ਨਿਕਲੀ ਸੀ। ਰੇਬਨ ਖੇਤਰ ਵਿੱਚ ਸੀਆਰਪੀਐਫ ਪਾਰਟੀ ‘ਤੇ ਫਾਇਰਿੰਗ ਕੀਤੀ ਗਈ। ਅੱਤਵਾਦੀਆਂ ਦੀ ਅੰਨ੍ਹੇਵਾਹ ਫਾਇਰਿੰਗ ਵਿੱਚ 4 ਜਵਾਨ ਜ਼ਖਮੀ ਹੋ ਗਏ ਹਨ। ਫਿਲਹਾਲ ਸੁਰੱਖਿਆ ਬਲਾਂ ਦੀ ਵਾਧੂ ਟੁਕੜੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਪੂਰੇ ਖੇਤਰ ਨੂੰ ਘੇਰ ਲਿਆ ਗਿਆ ਹੈ ।
ਦਰਅਸਲ, ਜੰਮੂ ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਫੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ । ਘਾਟੀ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਸਫਾਏ ਲਈ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ ਜੂਨ ਮਹੀਨੇ ਵਿੱਚ 48 ਅੱਤਵਾਦੀ ਮਾਰੇ ਗਏ ਹਨ । ਇਸ ਕਾਰਨ ਅੱਤਵਾਦੀ ਬੌਖਲਾ ਗਏ ਹਨ ।
ਦੱਸ ਦੇਈਏ ਕਿ ਸੋਮਵਾਰ ਨੂੰ ਅੱਤਵਾਦੀਆਂ ਨੇ ਬਡਗਾਮ ਵਿੱਚ 50 ਆਰਆਰ ਕੈਂਪ ‘ਤੇ ਇੱਕ ਗ੍ਰੇਨੇਡ ਸੁੱਟਿਆ ਸੀ । ਹਾਲਾਂਕਿ ਗ੍ਰੇਨੇਡ ਕੈਂਪ ‘ਤੇ ਨਹੀਂ ਡਿੱਗਿਆ, ਇਸ ਤੋਂ ਪਹਿਲਾਂ ਇਹ ਇੱਕ ਇੱਟ ਦੇ ਭੱਠੇ ‘ਤੇ ਜਾ ਡਿੱਗਿਆ। ਇਸ ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਅਤੇ ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ । ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਸੀ । ਜਿਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ ।