Third batch of Rafale jets: ਭਾਰਤੀ ਹਵਾਈ ਫੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਤਿੰਨ ਹੋਰ ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ਭਾਰਤ ਪਹੁੰਚੇ ਹਨ। ਬੁੱਧਵਾਰ ਨੂੰ ਰਾਫੇਲ ਜਹਾਜ਼ਾਂ ਦਾ ਤੀਜਾ ਬੈਚ ਹਵਾਈ ਹਵਾਈ ਫੌਜ ਦੇ ਬੇਸ ‘ਤੇ ਲੈਂਡ ਹੋਇਆ । ਇਹ ਤਿੰਨ ਜਹਾਜ਼ਾਂ ਦੇ ਭਾਰਤ ਪਹੁੰਚਣ ਤੋਂ ਬਾਅਦ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਿਲ ਰਾਫੇਲ ਦੀ ਗਿਣਤੀ 11 ਹੋ ਗਈ ਹੈ। ਦੱਸ ਦਈਏ ਕਿ ਇਹ ਤਿੰਨੋਂ ਰਾਫੇਲ ਲੜਾਕੂ ਜਹਾਜ਼ 7 ਹਜ਼ਾਰ ਕਿਲੋਮੀਟਰ ਤੋਂ ਵੱਧ ਦੀ ਯਾਤਰਾ ਪੂਰੀ ਕਰਕੇ ਭਾਰਤ ਪਹੁੰਚੇ ਹਨ। ਰਸਤੇ ਵਿੱਚ UAE ਦੀ ਏਅਰ ਫੋਰਸ ਵੱਲੋਂ ਅਸਮਾਨ ਵਿੱਚ ਫਿਊਲ ਭਰਿਆ ਗਿਆ। ਭਾਰਤੀ ਹਵਾਈ ਫੌਜ ਨੇ ਰਾਫੇਲ ਵਿੱਚ ਫਿਊਲ ਭਰਨ ਲਈ UAE ਹਵਾਈ ਫੌਜ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜ ਰਾਫੇਲ ਜਹਾਜ਼ਾਂ ਦੇ ਪਹਿਲੇ ਬੈਚ ਨੂੰ 10 ਸਤੰਬਰ ਨੂੰ ਭਾਰਤੀ ਹਵਾਈ ਫੌਜ ਵਿੱਚ ਕਮਿਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਨਵੰਬਰ 2020 ਵਿੱਚ ਤਿੰਨ ਹੋਰ ਰਾਫੇਲ ਜਹਾਜ਼ ਭਾਰਤ ਪਹੁੰਚੇ ਸਨ। ਇਸ ਤੋਂ ਬਾਅਦ ਅੱਜ ਤਿੰਨ ਹੋਰ ਜਹਾਜ਼ ਭਾਰਤ ਪਹੁੰਚੇ । ਇਸ ਤਰ੍ਹਾਂ ਕੁੱਲ 11 ਰਾਫੇਲ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਸ਼ਾਮਿਲ ਹੋ ਚੁੱਕੇ ਹਨ।
ਦੱਸ ਦੇਈਏ ਕਿ ਭਾਰਤ ਨੂੰ ਸਰਹੱਦ ‘ਤੇ ਚੀਨ ਨਾਲ ਤਣਾਅ ਦੇ ਵਿਚਕਾਰ ਅਗਲੇ ਸਾਲ ਅਪ੍ਰੈਲ ਤੱਕ ਫਰਾਂਸ ਤੋਂ ਕੁੱਲ 21 ਰਾਫੇਲ ਲੜਾਕੂ ਜਹਾਜ਼ ਮਿਲਣਗੇ । 21 ਰਾਫੇਲ ਜਹਾਜ਼ਾਂ ਦੀ ਡਿਲੀਵਰੀ ਦੇ ਨਾਲ ਹੀ ਭਾਰਤੀ ਹਵਾਈ ਫੌਜ ਦੀ ਫਾਇਰਪਾਵਰ ਵਿੱਚ ਬੇਮਿਸਾਲ ਵਾਧਾ ਹੋਵੇਗਾ। ਗੌਰਤਲਬ ਹੈ ਕਿ ਭਾਰਤ ਨੇ ਫਰਾਂਸ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।