Thiruvananthapuram mp shashi tharoor : ਅੱਜ ਦੇਸ਼ ਭਰ ਦੀਆਂ ਵਪਾਰਕ ਸੰਸਥਾਵਾਂ ਸਮੇਤ ਕਈ ਟਰਾਂਸਪੋਰਟ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਸੀ ਜਿਸ ਦਾ ਕਾਫੀ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਬੰਦ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਹੈ ਅਤੇ ਰਾਤ 8 ਵਜੇ ਤੱਕ ਜਾਰੀ ਰਹੇਗਾ। ਬੰਦ ਦੇ ਕੁੱਝ ਘੰਟਿਆਂ ਦੇ ਅੰਦਰ ਹੀ, ਇਸ ਦਾ ਅਸਰ ਦੇਸ਼ ਕਈਂ ਰਾਜਾਂ ਵਿੱਚ ਦਿੱਖਣਾ ਸ਼ੁਰੂ ਹੋ ਗਿਆ ਸੀ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਜੀ.ਐੱਸ.ਟੀ ਨਿਯਮਾਂ ਦੀ ਸਮੀਖਿਆ ਦੀ ਮੰਗ ਕਰਦਿਆਂ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਉਹ ਈ-ਵੇਅ ਬਿੱਲ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਵੀ ਵਿਰੋਧ ਕਰ ਰਹੇ ਹਨ। ਵੱਧਦੀ ਮਹਿੰਗਾਈ ਦੇ ਵਿਚਕਾਰ ਹੁਣ ਵਿਰੋਧੀ ਵੀ ਸਰਕਾਰ ਨੂੰ ਘੇਰ ਰਹੇ ਹਨ।
ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਚਕਾਰ ਵਿਰੋਧੀ ਪਾਰਟੀਆਂ ਵੀ ਅੱਜ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਕੇਰਲਾ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਅਤੇ ਵਰਕਰ ਸ਼ੁੱਕਰਵਾਰ ਨੂੰ ਦੇਸ਼ ਵਿੱਚ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ਵਿਚ ਸੜਕਾਂ ਤੇ ਉਤਰ ਆਏ ਹਨ। ਕਾਂਗਰਸ ਆਗੂ ਅਤੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਰਟੀ ਵਰਕਰਾਂ ਨਾਲ ਕੇਰਲ ਸਕੱਤਰੇਤ ਦੇ ਬਾਹਰ ਵਿਲੱਖਣ ਢੰਗ ਨਾਲ ਪ੍ਰਦਰਸ਼ਨ ਕੀਤਾ ਹੈ। ਇੱਥੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਸ਼ੀ ਥਰੂਰ ਨੇ ਰੱਸਿਆਂ ਨਾਲ ਬੰਨ੍ਹਿਆ ਇੱਕ ਆਟੋ ਰਿਕਸ਼ਾ ਖਿੱਚਿਆ ਹੈ। ਭਾਰਤ ਬੰਦ ਦਾ ਅਸਰ ਦੇਸ਼ ਦੇ ਕਈ ਰਾਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਾਰੋਬਾਰੀ ਅਦਾਰੇ ਵੀ ਕਈ ਰਾਜਾਂ ਵਿੱਚ ਬੰਦ ਹਨ। ਸੜਕਾਂ ਵੀ ਖਾਲੀ ਦਿਖਾਈ ਦੇ ਰਹੀਆਂ ਹਨ। ਵਪਾਰੀਆਂ ਨੇ ਬਾਜ਼ਾਰ ਬੰਦ ਰੱਖੇ ਹੋਏ ਹਨ ਅਤੇ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਵੀ ਜਿੰਦਰੇ ਲਗਾ ਦਿੱਤੇ ਹਨ। ਕਈ ਰਾਜਾਂ ਦੀਆਂ ਸੜਕਾਂ ‘ਤੇ ਵੀ ਬੰਦ ਦਾ ਪ੍ਰਭਾਵ ਦਿਖਾ ਰਿਹਾ ਹੈ।