Thulam Saravanan says : ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਸ ਸਮੇ ਚੋਣ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ‘ਤੇ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਇੱਕ ਦੂਜੇ ‘ਤੇ ਤਿੱਖੇ ਤੀਰ ਚਲਾ ਰਹੇ ਹਨ। ਦੂਜੇ ਪਾਸੇ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਵੋਟਿੰਗ ਦੇ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਪਰ ਚੋਣ ਪ੍ਰਚਾਰ ਦੌਰਾਨ ਹਰ ਪਾਰਟੀ ਨੇ ਸੱਤਾ ‘ਚ ਆਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਹਨ। ਕਿਸੇ ਪਾਰਟੀ ਨੇ ਰੋਜਗਾਰ ਦਾ ਵਾਅਦਾ ਕੀਤਾ ਹੈ ਤਾਂ ਕਿਸੇ ਨੇ ਮੁਫ਼ਤ ਬਿਜਲੀ ਵਰਗੇ ਵੱਡੇ ਵਾਅਦੇ ਕੀਤੇ ਹਨ। ਪਰ ਇਸ ਦੌਰਾਨ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ, ਚੋਣਾਂ ਦੌਰਾਨ ਇੱਕ ਉਮੀਦਵਾਰ ਨੇ ਚੰਦਰਮਾ ਦੀ ਯਾਤਰਾ ਕਰਵਾਉਣ ਦਾ ਵਾਅਦਾ ਕੀਤਾ ਹੈ।
ਜੀ ਹਾਂ, ਚੰਦਰਮਾ ਦੀ ਯਾਤਰਾ ਕਰਵਾਉਣ ਦਾ ਵਾਅਦਾ। ਦਰਅਸਲ ਤਾਮਿਲਨਾਡੂ ਦੇ ਮਦੁਰੈ ਦੱਖਣੀ ਹਲਕੇ ਤੋਂ ਆਜ਼ਾਦ ਉਮੀਦਵਾਰ ਥੂਲਮ ਸਰਵਨਨ ਨੇ ਇੱਕ ਹੀ ਨਹੀਂ ਬਲਕਿ ਅਜਿਹੇ ਕਈ ਹੈਰਾਨੀਜਨਕ ਵਾਅਦੇ ਕੀਤੇ ਹਨ। ਸਰਵਨਨ ਨੇ ਕਿਹਾ , ਮੈਂ ਵਾਅਦਾ ਕਰਦਾ ਹਾਂ ਕਿ ਹਰ ਘਰ ਨੂੰ ਇੱਕ ਹੈਲੀਕਾਪਟਰ ਅਤੇ ਕਾਰ, ਤਿੰਨ ਮੰਜ਼ਿਲਾ ਇਮਰਤ ਅਤੇ ਚੰਦਰਮਾ ਦੀ ਯਾਤਰਾ ਕਰਵਾਵਾਂਗਾ।” ਉਨ੍ਹਾਂ ਨੇ ਅੱਗੇ ਕਿਹਾ ਕੇ, “ਲੋਕ ਮੈਨੂੰ ਪੁੱਛਦੇ ਹਨ ਕੇ ਕੀ ਇਹ ਸਭ ਸੰਭਵ ਹੈ ? ਮੈਨੂੰ ਵਿਸ਼ਵਾਸ ਹੈ। ਇਹ ਸੰਭਵ ਹੈ ਪਰ ਸਾਨੂੰ ਥੋੜਾ ਵਧੇਰੇ ਖਰਚ ਕਰਨਾ ਪਏਗਾ।”