Tmc compalaint to ec : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਅੱਜ ਪਹਿਲੇ ਪੜਾਅ ਦੀਆਂ 30 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ। ਪਰ ਇਸ ਦੌਰਾਨ, ਤ੍ਰਿਣਮੂਲ ਕਾਂਗਰਸ ਨੇ ਵੋਟਿੰਗ ਦੇ ਪ੍ਰਤੀਸ਼ਤ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਤ੍ਰਿਣਮੂਲ ਕਾਂਗਰਸ ਵੱਲੋਂ ਕੁਝ ਪੋਲਿੰਗ ਸਟੇਸ਼ਨਾਂ ‘ਤੇ ਪੋਲਿੰਗ ਪ੍ਰਤੀਸ਼ਤ ‘ਚ ਅਚਾਨਕ ਗਿਰਾਵਟ ਆਉਣ ਦੇ ਮੁੱਦੇ ‘ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟੀ.ਐੱਮ.ਸੀ. ਨੇ ਮਤਦਾਨ ਪ੍ਰਤੀਸ਼ਤ ਵਿੱਚ ਆਈ ਗੜਬੜੀ ਬਾਰੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਕਾਂਠੀ ਦੱਖਣ (216) ਅਤੇ ਕਾਂਠੀ ਉੱਤਰ (213) ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 9.13 ਵਜੇ ਕ੍ਰਮਵਾਰ 18.47% (ਫੀਸਦੀ) ਅਤੇ 18.95% (ਫੀਸਦੀ) ਵੋਟਾਂ ਪਈਆਂ ਪਰ 4 ਮਿੰਟ ਬਾਅਦ ਕ੍ਰਮਵਾਰ 9.17 ‘ਤੇ ਇਹ ਘੱਟ ਕੇ 10.60% (ਫੀਸਦੀ) ਅਤੇ 9: 40% (ਫੀਸਦੀ) ਰਹਿ ਗਈ। ਪਾਰਟੀ ਨੇ ਕਿਹਾ ਕਿ ਇਹ ਇੱਕ ਗੜਬੜ ਹੈ, ਚੋਣ ਕਮਿਸ਼ਨ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ, ਤ੍ਰਿਣਮੂਲ ਕਾਂਗਰਸ ਨੇ ਭਾਜਪਾ ਉੱਤੇ ਝਾੜਗਰਾਮ ਅਤੇ ਪੱਛਮੀ ਮੇਦਨੀਪੁਰ ਜ਼ਿਲ੍ਹਿਆਂ ਵਿੱਚ ਵੋਟਿੰਗ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ ਸੀ। ਟੀਐਮਸੀ ਨੇ ਝਾੜਗਰਾਮ ਦੇ ਬੂਥ ਨੰਬਰ 218 ‘ਤੇ ਭਾਜਪਾ ਵਰਕਰਾਂ ਵੱਲੋਂ ਈਵੀਐਮ ਖਰਾਬ ਕਰਨ ਅਤੇ ਪੱਛਮੀ ਮੇਦਨੀਪੁਰ ਦੇ ਗਰਬੇਟਾ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 167 ‘ਤੇ ਵੋਟਰਾਂ ਨੂੰ ਬੂਥ ਦੇ ਅੰਦਰ ਜਾਣ ਦੀ ਇਜਾਜ਼ਤ ਨਾ ਦੇਣ ਦਾ ਦੋਸ਼ ਲਾਇਆ ਸੀ। ਟੀਐਮਸੀ ਦਾ ਦੋਸ਼ ਹੈ ਕਿ ਚੋਣ ਅਧਿਕਾਰੀ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ, ਅੱਜ ਦੁਪਹਿਰ 12 ਵਜੇ, ਟੀਐਮਸੀ ਸੰਸਦੀ ਪਾਰਟੀ ਦੇ ਨੇਤਾ ਸੁਦੀਪ ਬੰਦਯੋਪਾਧਿਆਯ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਦੀ ਅਗਵਾਈ ਵਿੱਚ ਇੱਕ 10 ਮੈਂਬਰੀ ਟੀਮ ਕੋਲਕਾਤਾ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ।