Tractor parade protest farmer dies : ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਹੈ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ ਦਿੱਲੀ ਵਿੱਚ ਕਈ ਥਾਵਾਂ ‘ਤੇ ਪੁਲਿਸ ਨਾਲ ਝੜਪ ਵੀ ਹੋਈ ਹੈ। ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ, ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ ਸੀ। ਮੰਗਲਵਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਯੋਜਿਤ ਕੀਤੀ ਗਈ ਟਰੈਕਟਰ ਪਰੇਡ ਦੌਰਾਨ, ਦਿੱਲੀ ਦੇ ਆਈ ਟੀ ਓ ਵਿਖੇ ਇੱਕ ਕਿਸਾਨ ਦੀ ਟਰੈਕਟਰ ਪਲਟਣ ਨਾਲ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਨਾਲ ਸਬੰਧਿਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਦੀ ਮੌਤ ਉਸ ਸਮੇਂ ਹੋਈ ਜਦੋਂ ਉਸ ਦਾ ਟਰੈਕਟਰ ਪਲਟ ਗਿਆ। ਜਾਣਕਾਰੀ ਮਿਲੀ ਹੈ ਕਿ ਇਹ ਕਿਸਾਨ ਗਾਜ਼ੀਪੁਰ ਦੀ ਸਰਹੱਦ ਰਾਹੀਂ ਦਾਖਲ ਹੋਏ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਆਇਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਟਰੈਕਟਰ ਤੇਜ਼ ਰਫਤਾਰ ਨਾਲ ਆ ਰਿਹਾ ਸੀ ਜਿਸ ਤੋਂ ਬਾਅਦ ਸੰਤੁਲਨ ਵਿਗੜਣ ਦੇ ਕਾਰਨ ਟਰੈਕਟਰ ਪਲਟ ਗਿਆ, ਜਿਸ ਕਾਰਨ ਕਿਸਾਨ ਦੀ ਮੌਤ ਹੋ ਗਈ। ਪਰ ਹਾਦਸੇ ਤੋਂ ਬਾਅਦ ਕੁੱਝ ਕਿਸਾਨ ਉਥੇ ਧਰਨੇ ‘ਤੇ ਬੈਠ ਗਏ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਗੋਲੀ ਚਲਾਈ ਹੈ। ਮ੍ਰਿਤਕ ਕਿਸਾਨ ਦਾ ਨਾਮ ਨਵਨੀਤ ਸਿੰਘ ਹੈ। ਮ੍ਰਿਤਕ ਕਿਸਾਨ ਨਵਨੀਤ ਯੂਪੀ ਦੇ ਰਾਮਪੁਰ ਜ਼ਿਲ੍ਹੇ ਦੇ ਡਿਬਦੀਬਾ ਪਿੰਡ ਦਾ ਰਹਿਣ ਵਾਲਾ ਹੈ, ਜੋ ਉੱਤਰਾਖੰਡ ਦੇ ਬਾਜਪੁਰ ਸਰਹੱਦ ਦੇ ਨਾਲ ਲੱਗਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਦੀਪ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ।