Tractor Rally Update: ਇੱਕ ਪਾਸੇ ਜਿੱਥੇ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਹਰ ਕਿਸੇ ਦੀ ਨਿਗਾਹ ਟਰੈਕਟਰ ਰੈਲੀ ‘ਤੇ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਅੱਜ ਦਿੱਲੀ ਦੇ ਬਾਰਡਰਾਂ ਤੋਂ ਟਰੈਕਟਰ ਰੈਲੀ ਕੱਢ ਰਹੇ ਹਨ। ਇਸੇ ਵਿਚਾਲੇ ਹੁਣ ਖਬਰ ਆ ਰਹੀ ਹੈ ਕਿ ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਹਨ ਤੇ ਨਾਲ ਹੀ ਕਿਸਾਨਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ ਹੈ। ਦਰਅਸਲ, ਅਕਸ਼ਾਰਧਾਮ ਤੋਂ ਪਹਿਲਾਂ NH 24 ‘ਤੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਸੀ, ਜਿਨ੍ਹਾਂ ਨੂੰ ਕਿਸਾਨ ਜੱਥਿਆਂ ਨੇ ਤੋੜ ਕੇ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਦੱਸ ਦੇਈਏ ਕਿ ਸਿੰਘੂ ਤੇ ਟਿਕਰੀ ਬਾਰਡਰ ‘ਤੇ ਕਿਸਾਨਾਂ ਨੇ ਖੁਦ ਹੀ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ । ਸਿੰਘੂ ਬਾਰਡਰ ‘ਤੇ ਪੁਲਿਸ ਵੱਲੋਂ ਜੋ ਟਰੱਕ ਖੜ੍ਹੇ ਕੀਤੇ ਗਏ ਸਨ, ਕਿਸਾਨਾਂ ਨੇ ਉਨ੍ਹਾਂ ਨੂੰ ਟਰੈਕਟਰ ਨਾਲ ਧੱਕ ਦਿੱਤਾ ਹੈ। ਇਸ ਤੋਂ ਇਲਾਵਾ ਉੱਥੇ ਜੋ ਕੰਟੇਨਰ ਰੱਖੇ ਗਏ ਸਨ ਉਨ੍ਹਾਂ ਨੂੰ ਵੀ ਟਰੈਕਟਰ ਨਾਲ ਬੰਨ੍ਹ ਕੇ ਹਟਾ ਦਿੱਤਾ ਗਿਆ ਹੈ। ਸਿੰਘੂ ਤੇ ਟਿਕਰੀ ਬਾਰਡਰ ਤੋਂ ਕਿਸਾਨਾਂ ਦੇ ਜੱਥੇ ਪੈਦਲ ਮਾਰਚ ਵੀ ਕਰ ਰਹੇ ਹਨ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਸਿਰਫ 5000 ਟਰੈਕਟਰਾਂ ਨਾਲ ਰੈਲੀ ਕਰਨ ਦੀ ਆਗਿਆ ਦਿੱਤੀ ਹੈ। ਹਾਲਾਂਕਿ, ਇਕੱਲੇ ਹੀ ਸਿੰਘੂ ਬਾਰਡਰ ‘ਤੇ 20 ਹਜ਼ਾਰ ਤੋਂ ਵੱਧ ਟਰੈਕਟਰ ਪਹੁੰਚ ਚੁੱਕੇ ਹਨ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਤਕਰੀਬਨ ਇੱਕ ਲੱਖ ਟਰੈਕਟਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਪਹੁੰਚਣਗੇ।
ਦਰਅਸਲ, ਸਿੰਘੂ ਬਾਰਡਰ ਤੋਂ ਬੈਰੀਕੇਡ ਹਟਾ ਕੇ ਕਿਸਾਨਾਂ ਦਾ ਪਹਿਲਾ ਜੱਥਾ ਤੈਅ ਸਮੇਂ ਤੋਂ ਕਾਫ਼ੀ ਪਹਿਲਾਂ ਨਿਕਲ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਲੋਕ ਨਿਰਧਾਰਤ ਰੂਟ ਤੋਂ ਬਾਹਰ ਚਲੇ ਗਏ ਹਨ ਅਤੇ ਦਿੱਲੀ ਵਿੱਚ ਦਾਖਲ ਹੋਣ ਦੀ ਤਿਆਰੀ ਵਿੱਚ ਹਨ। ਕਿਸਨਾਨ ਦੇ ਜਿਹੜੇ ਵਲੰਟੀਅਰਾਂ ਨੂੰ ਪੂਰੀ ਸੁਰੱਖਿਆ ਦੇਖਣ ਦੀ ਜਿੰਮੇਵਾਰੀ ਦਿੱਤੀ ਗਈ ਸੀ, ਉਹ ਪਹਿਲੇ ਬੈਚ ਦੇ ਜਾਰੀ ਹੋਣ ਤੋਂ ਕਾਫ਼ੀ ਸਮੇਂ ਬਾਅਦ ਸਿੰਘੂ ਬਾਰਡਰ ਤੋਂ ਰਵਾਨਾ ਹੋਏ।
ਇਹ ਵੀ ਦੇਖੋ: ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !