Train Service Between Kalka Shimla: ਸ਼ਿਮਲਾ: ਕੋਰੋਨਾ ਵਾਇਰਸ ਦੀ ਲਾਗ ਕਾਰਨ ਸੱਤ ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ ਅੱਜ Toy ਟ੍ਰੇਨ ਦੁਬਾਰਾ ਸ਼ੁਰੂ ਹੋ ਰਹੀ ਹੈ। ਉੱਤਰੀ ਰੇਲਵੇ ਨੇ ਕਿਹਾ ਹੈ ਕਿ ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ ‘ਤੇ ਬੁੱਧਵਾਰ ਯਾਨੀ ਅੱਜ ਤੋਂ ਦੁਬਾਰਾ ਇਹ ਸੇਵਾ ਸ਼ੁਰੂ ਹੋਵੇਗੀ। ਇੱਕ ਰੇਲਵੇ ਅਧਿਕਾਰੀ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਕਾਰਨ ਹੋਈ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਰੇਲ ਸੇਵਾ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ । ਕੋਰੋਨਾ ਵਾਇਰਸ ਕਾਰਨ ਲਾਕਡਾਊਨ ਲੱਗਣ ਕਾਰਨ ਇਸ ਟਰੈਕ ‘ਤੇ ਰੇਲ ਸੇਵਾਵਾਂ ਨੂੰ ਮਾਰਚ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ।
ਦਰਅਸਲ, ਕਾਲਕਾ-ਸ਼ਿਮਲਾ ਰੇਲਵੇ ਭਾਰਤ ਦੇ ਪਹਾੜੀ ਰੇਲਵੇ ਦਾ ਇੱਕ ਹਿੱਸਾ ਹੈ। ਇਸਨੂੰ ਸਾਲ 2008 ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਰੇਲਵੇ ਅਨੁਸਾਰ ਹਰਿਆਣਾ ਦੇ ਕਾਲਕਾ ਤੋਂ ਸ਼ਿਮਲਾ ਤੱਕ 96 ਕਿਲੋਮੀਟਰ ਰੇਲਵੇ ਲਾਈਨ 102 ਸੁਰੰਗਾਂ, 988 ਪੁਲਾਂ ਅਤੇ 925 ਵਕਰਾਂ ਵਿੱਚੋਂ ਦੀ ਲੰਘਦੀ ਹੈ। ਬਾਰੋਗ ਨੇੜੇ ਸਭ ਤੋਂ ਲੰਬੀ ਸੁਰੰਗ ਹੈ ਜੋ ਕਿ 1,143 ਮੀਟਰ ਲੰਬੀ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਕਾਲਕਾ-ਸ਼ਿਮਲਾ ਐਕਸਪ੍ਰੈਸ ਵਿਸ਼ੇਸ਼ ਕਾਲਕਾ ਤੋਂ 12:10 ਵਜੇ ਰਵਾਨਾ ਹੋਵੇਗੀ ਅਤੇ 5:20 ਵਜੇ ਸ਼ਿਮਲਾ ਪਹੁੰਚੇਗੀ । ਸ਼ਿਮਲਾ ਤੋਂ ਇਹ ਡਾਊਨ ਟ੍ਰੇਨ ਅਗਲੇ ਦਿਨ ਸਵੇਰੇ 10:40 ਵਜੇ ਰਵਾਨਾ ਹੋਵੇਗੀ ਅਤੇ 4:10 ਵਜੇ ਕਾਲਕਾ ਪਹੁੰਚੇਗੀ।
ਜ਼ਿਕਰਯੋਗ ਹੈ ਕਿ 6 ਸਤੰਬਰ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਉਮੀਦਵਾਰਾਂ ਦੀ ਪ੍ਰੀਖਿਆ ਲਈ ਸੋਲਨ ਤੋਂ ਸ਼ਿਮਲਾ ਲਈ ਵਿਸ਼ੇਸ਼ ਟ੍ਰੇਨ ਚਲਾਈ ਗਈ ਸੀ। ਇਸ ਵਿੱਚ ਸਿਰਫ ਦੋ ਯਾਤਰੀਆਂ ਨੇ ਇੱਕ ਉਮੀਦਵਾਰ ਅਤੇ ਉਸ ਦੇ ਪਿਤਾ ਨੇ ਹੀ ਯਾਤਰਾ ਕੀਤੀ ਸੀ, ਜਦੋਂ ਕਿ ਡਾਊਨ ਟ੍ਰੇਨ ਬਿਨ੍ਹਾਂ ਕਿਸੇ ਯਾਤਰੀ ਦੇ ਹੀ ਚੱਲੀ ਸੀ।
ਦੱਸ ਦੇਈਏ ਕਿ ਟੂਰਿਜ਼ਮ ਇੰਡਸਟਰੀ ਸਟੇਕਹੋਲਡਰਸ ਐਸੋਸੀਏਸ਼ਨ ਅਨੁਸਾਰ ਕੋਲਕਾਤਾ ਤੋਂ ਕਾਲਕਾ ਤੱਕ ਦੀਆਂ ਟ੍ਰੇਨਾਂ ਦੇ ਬੰਦ ਹੋਣ ਦਾ ਸਿੱਧਾ ਅਸਰ ਸ਼ਿਮਲਾ ਵਿੱਚ ਹੋਟਲਾਂ ਅਤੇ ਹੋਮਸਟੇ ਦੇ ਕਿੱਤੇ ‘ਤੇ ਪੈ ਰਿਹਾ ਹੈ। ਖ਼ਾਸਕਰ ਦੁਰਗਾ ਪੂਜਾ ਦੀਆਂ ਛੁੱਟੀਆਂ ਦੌਰਾਨ ਬੰਗਾਲ ਤੋਂ ਸੈਲਾਨੀ ਵੱਡੀ ਗਿਣਤੀ ਵਿਚ ਹਿਮਾਚਲ ਆਉਂਦੇ ਹਨ । ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਮਹਾਰਾਸ਼ਟਰ ਦੇ ਸੈਲਾਨੀ ਵੀ ਦੀਵਾਲੀ ਦੇ ਆਸ-ਪਾਸ ਨਵਰਾਤਰੀ ਛੁੱਟੀਆਂ ਦੌਰਾਨ ਵੱਡੀ ਗਿਣਤੀ ਵਿੱਚ ਹਿਮਾਚਲ ਆਉਂਦੇ ਹਨ,ਪਰ ਵੱਖ-ਵੱਖ ਕਾਰਨਾਂ ਕਰਕੇ ਇਸ ਵਾਰ ਨਹੀਂ ਆ ਰਹੇ।