Tuberculosis patient on ventilator alleges rape: ਗੁਰੂਗ੍ਰਾਮ: ਹਰਿਆਣਾ ਵਿੱਚ ਗੁਰੂਗ੍ਰਾਮ ਦਾ ਫੋਰਟਿਸ ਹਸਪਤਾਲ ਸਵਾਲਾਂ ਦੇ ਘੇਰੇ ਵਿੱਚ ਹੈ। ਇੱਕ ਲੜਕੀ ਨੇ ਹਸਪਤਾਲ ਵਿੱਚ ਉਸ ਨਾਲ ਜਬਰ-ਜਨਾਹ ਹੋਣ ਦਾ ਦੋਸ਼ ਲਗਾਇਆ ਹੈ। ਦੋਸ਼ਾਂ ਅਨੁਸਾਰ ਲੜਕੀ ਨਾਲ ਉਸ ਸਮੇਂ ਜਬਰ-ਜਨਾਹ ਕੀਤਾ ਗਿਆ ਜਦੋਂ ਉਹ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਸੀ । ਇਸ ਦੇ ਨਾਲ ਹੀ ਹਸਪਤਾਲ ਦਾ ਕਹਿਣਾ ਹੈ ਕਿ ਉਸ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਹ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹੈ । ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ । ਇਸ ਮਾਮਲੇ ਵਿੱਚ ਲੜਕੀ ਦਾ ਦੋਸ਼ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਵੈਂਟੀਲੇਟਰ ‘ਤੇ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਸੀ। ਪੀੜਤ ਨੇ ਮੁਲਜ਼ਮ ਦਾ ਨਾਮ ਵਿਕਾਸ ਦੱਸਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਹਸਪਤਾਲ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਲੜਕੀ ਦੇ ਪਿਤਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ 21 ਅਕਤੂਬਰ ਨੂੰ 21 ਸਾਲਾਂ ਪੀੜਤ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਹ ਲੈਣ ਵਿੱਚ ਤਕਲੀਫ਼ ਵਧਣ ਤੋਂ ਬਾਅਦ ਦਾਖਲ ਕਰਵਾਈ ਗਈ ਲੜਕੀ ਦੀ ਤਬੀਅਤ ਜ਼ਿਆਦਾ ਖਰਾਬ ਹੋਈ ਤਾਂ ਉਸ ਨੂੰ ਅਗਲੇ ਦਿਨ ਯਾਨੀ 22 ਅਕਤੂਬਰ ਨੂੰ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ। 6 ਦਿਨਾਂ ਬਾਅਦ ਜਦੋਂ ਪੀੜਤ ਲੜਕੀ ਨੂੰ ਹੋਸ਼ ਆਇਆ ਤਾਂ ਉਸਨੇ ਆਪਣੇ ਪਿਤਾ ਨੂੰ ਸਰੀਰਕ ਸ਼ੋਸ਼ਣ ਬਾਰੇ ਦੱਸਿਆ। ਦਾਇਰ ਕੀਤੀ ਸ਼ਿਕਾਇਤ ਅਨੁਸਾਰ 21 ਤੋਂ 27 ਅਕਤੂਬਰ ਵਿਚਾਲੇ ਲੜਕੀ ਨਾਲ ਬਲਾਤਕਾਰ ਹੋਇਆ ਸੀ।
ਦੱਸ ਦੇਈਏ ਕਿ 28 ਅਕਤੂਬਰ ਨੂੰ ਲੜਕੀ ਦੇ ਪਿਤਾ ਨੇ ਗੁਰੂਗਰਾਮ ਦੇ ਸੁਸ਼ਾਂਤ ਲੋਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ । ਸ਼ਿਕਾਇਤ ਵਿਚ ਉਨ੍ਹਾਂ ਤਿੰਨ ਪੰਨਿਆਂ ਦਾ ਵੀ ਜ਼ਿਕਰ ਹੈ, ਜਿਸ ‘ਤੇ ਲੜਕੀ ਨੇ ਆਪਣੇ ਪਿਤਾ ਨੂੰ ਇਸ ਬਾਰੇ ਲਿਖਿਆ ਹੈ ਅਤੇ ਦੱਸਿਆ ਹੈ। ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ, ਪਰ ਲੜਕੀ ਦੇ ਪੱਤਰ ਵਿੱਚ ਵਿਕਾਸ ਨਾਮ ਦੇ ਜਿਸ ਮੁਲਜ਼ਮ ਦਾ ਜ਼ਿਕਰ ਹੈ ਉਹ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹੈ । ਉੱਥੇ ਹੀ ਪੁਲਿਸ ਅਜੇ ਤੱਕ ਲੜਕੀ ਦੇ ਬਿਆਨ ਨਹੀਂ ਲੈ ਸਕੀ ਹੈ । ਵੈਂਟੀਲੇਟਰ ‘ਤੇ ਰੱਖੀ ਗਈ ਲੜਕੀ ਹਾਲੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਪੁਲਿਸ ਅਨੁਸਾਰ ਫੋਰਟਿਸ ਹਸਪਤਾਲ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ ।
ਇਸ ਸਬੰਧੀ ਹਸਪਤਾਲ ਵੱਲੋਂ ਇਹ ਕਿਹਾ ਗਿਆ ਹੈ ਕਿ 21 ਅਕਤੂਬਰ 2020 ਨੂੰ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਨੂੰ ਸਾਹ ਦੀ ਤਕਲੀਫ ਅਤੇ ਟੀ ਬੀ ਦੀ ਸਮੱਸਿਆ ਸੀ। ਦਾਖਲ ਹੋਣ ਤੋਂ ਬਾਅਦ ਤੋਂ ਮਰੀਜ਼ ਵੈਂਟੀਲੇਟਰ ‘ਤੇ ਸੀ ਅਤੇ ਦਾਖਲੇ ਦੇ 6 ਦਿਨਾਂ ਬਾਅਦ ਉਸਨੇ ਹਸਪਤਾਲ ਦੇ ਇੱਕ ਸਟਾਫ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ । ਹਸਪਤਾਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸ਼ਿਕਾਇਤ ਆਉਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਹਸਪਤਾਲ ਪ੍ਰਸ਼ਾਸਨ ਪੁਲਿਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਿਹਾ ਹੈ।
ਦੱਸ ਦੇਈਏ ਕਿ ਫੋਰਟਿਸ ਦੇਸ਼ ਦਾ ਇੱਕ ਮਹਿੰਗਾ ਅਤੇ ਨਾਮੀ ਹਸਪਤਾਲ ਹੈ। ਇਸ ਹਸਪਤਾਲ ‘ਤੇ ਸੁਰੱਖਿਆ ਅਤੇ ਸਹੂਲਤਾਂ ਦੇ ਨਾਮ ‘ਤੇ ਭਾਰੀ ਰਕਮ ਵਸੂਲਣ ਦਾ ਇਲਜ਼ਾਮ ਹੈ, ਪਰ ਸਵਾਲ ਇਹ ਹੈ ਕਿ ਕੀ ਇਸ ਹਸਪਤਾਲ ਵਿੱਚ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ? ਕੀ ਇਸ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੀ ਸੇਵਾ ਕੀਤੀ ਜਾ ਰਹੀ ਹੈ?