Two associates of Vikas Dubey: ਕਾਨਪੁਰ ਗੋਲੀ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਅਤੇ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ। ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਫਰੀਦਾਬਾਦ ਦੇ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਪ੍ਰਭਾਤ ਪੁਲਿਸ ਹਿਰਾਸਤ ਤੋਂ ਭੱਜ ਰਿਹਾ ਸੀ । ਇਸ ਤੋਂ ਬਾਅਦ ਐਨਕਾਊਂਟਰ ਵਿੱਚ ਪ੍ਰਭਾਤ ਨੂੰ ਮਾਰ ਦਿੱਤਾ ।
ਇਸ ਤੋਂ ਇਲਾਵਾ ਇਟਾਵਾ ਵਿੱਚ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਨੂੰ ਮਾਰ ਦਿੱਤਾ ਹੈ। ਪੁਲਿਸ ਅਨੁਸਾਰ ਰਣਬੀਰ ਸ਼ੁਕਲਾ ਨੇ ਦੇਰ ਰਾਤ ਮਹੇਵਾ ਨੇੜੇ ਹਾਈਵੇ ‘ਤੇ ਸਵਿਫਟ ਡਿਜ਼ਾਇਰ ਕਾਰ ਨੂੰ ਲੁੱਟ ਲਿਆ । ਉਸਦੇ ਨਾਲ ਤਿੰਨ ਹੋਰ ਬਦਮਾਸ਼ ਸਨ । ਪੁਲਿਸ ਨੂੰ ਲੁੱਟ ਦੀ ਜਿਵੇਂ ਹੀ ਖ਼ਬਰ ਮਿਲੀ, ਪੁਲਿਸ ਨੇ ਚਾਰਾਂ ਨੂੰ ਸਿਵਲ ਲਾਈਨ ਥਾਣੇ ਦੀ ਕਾਚੂਰਾ ਰੋਡ ‘ਤੇ ਘੇਰ ਲਿਆ । ਪੁਲਿਸ ਅਤੇ ਰਣਬੀਰ ਸ਼ੁਕਲਾ ਵਿਚਾਲੇ ਫਾਇਰਿੰਗ ਸ਼ੁਰੂ ਹੋ ਗਈ। ਇਸ ਗੋਲੀਬਾਰੀ ਦੌਰਾਨ ਰਣਬੀਰ ਸ਼ੁਕਲਾ ਮਾਰਿਆ ਗਿਆ । ਹਾਲਾਂਕਿ, ਉਸਦੇ ਤਿੰਨੋਂ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ । ਇਟਾਵਾ ਪੁਲਿਸ ਨੇ ਆਸ-ਪਾਸ ਦੇ ਜ਼ਿਲ੍ਹੇ ਨੂੰ ਅਲਰਟ ਕਰ ਦਿੱਤਾ ਹੈ। ਪੁਲਿਸ ਨੇ ਰਣਬੀਰ ਸ਼ੁਕਲਾ ‘ਤੇ 50 ਹਜ਼ਾਰ ਦਾ ਇਨਾਮ ਰੱਖਿਆ ਸੀ। ਉਹ ਕਾਨਪੁਰ ਗੋਲੀਬਾਰੀ ਦਾ ਦੋਸ਼ੀ ਵੀ ਸੀ ।
ਇਸ ਦੇ ਨਾਲ ਹੀ ਪ੍ਰਭਾਤ ਮਿਸ਼ਰਾ ਦੇ ਐਨਕਾਊਂਟਰ ਬਾਰੇ ਦੱਸਦਿਆਂ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲਿਸ ਟੀਮ ਪ੍ਰਭਾਤ ਨੂੰ ਲੈ ਕੇ ਫਰੀਦਾਬਾਦ ਤੋਂ ਆ ਰਹੀ ਸੀ। ਰਸਤੇ ਵਿੱਚ ਕਾਰ ਪੈਂਚਰ ਹੋ ਗਈ । ਇਸ ਦੌਰਾਨ ਪ੍ਰਭਾਤ ਨੇ ਪੁਲਿਸ ਦਾ ਹਥਿਆਰ ਖੋਹ ਲਿਆ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਐਨਕਾਊਂਟਰ ਵਿੱਚ ਪ੍ਰਭਾਤ ਮਾਰਿਆ ਗਿਆ ਹੈ । ਕੁਝ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਹਨ।
ਦੱਸ ਦੇਈਏ ਕਿ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਵਿਕਾਸ ਦੂਬੇ ਫਰੀਦਾਬਾਦ ਦੇ ਇੱਕ ਹੋਟਲ ਵਿੱਚ ਲੁਕਿਆ ਹੋਇਆ ਹੈ । ਇਸ ਤੋਂ ਬਾਅਦ ਪੁਲਿਸ ਟੀਮ ਨੇ ਹੋਟਲ ‘ਤੇ ਛਾਪਾ ਮਾਰਿਆ। ਵਿਕਾਸ ਦੂਬੇ ਉਥੇ ਨਹੀਂ ਮਿਲਿਆ, ਪਰ ਪ੍ਰਭਾਤ ਮਿਸ਼ਰਾ ਅਤੇ ਦੋ ਹੋਰ ਫੜੇ ਗਏ । ਗਵਾਹਾਂ ਨੇ ਦੱਸਿਆ ਕਿ ਫਾਇਰਿੰਗ ਦੀ ਆਵਾਜ਼ ਹੋਟਲ ਤੋਂ ਸੁਣਾਈ ਦਿੱਤੀ । ਪੁਲਿਸ ਨੇ ਪ੍ਰਭਾਤ ਮਿਸ਼ਰਾ ਤੋਂ ਚਾਰ ਅਸਲੇ ਬਰਾਮਦ ਕੀਤੇ ਸਨ। ਇਸ ਵਿੱਚ ਦੋ ਸਰਕਾਰੀ ਅਸਲੇ ਸਨ, ਜਿਹੜੇ 2 ਜੁਲਾਈ ਦੀ ਰਾਤ ਨੂੰ ਅੱਠ ਪੁਲਿਸ ਵਾਲਿਆਂ ਦੀ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖੋਹ ਲਈਆਂ ਗਈਆਂ ਸਨ ।