Two corona patients died: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸਦੇ ਮੱਦੇਨਜ਼ਰ ਦੇਸ਼ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿਸ ਕਾਰਨ ਪੀੜਤਾਂ ਦੀ ਗਿਣਤੀ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ। ਇਸੇ ਵਿਚਾਲੇ ਦੇਸ਼ ਵਿੱਚ ਕੁਝ ਅਜਿਹੇ ਰਾਜ ਵੀ ਹਨ, ਜਿੱਥੇ ਕੋਰੋਨਾ ਨਾਲ ਹਾਲਾਤ ਬਹੁਤ ਜ਼ਿਆਦਾ ਖਰਾਬ ਹਨ। ਅਜਿਹੇ ਇੱਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਕਈ ਥਾਵਾਂ ‘ਤੇ ਆਕਸੀਜਨ ਦੀ ਕਮੀ ਹੈ ਤੇ ਕਿਤੇ ਕੋਰੋਨਾ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ ਹਨ। ਦੱਸ ਦੇਈਏ ਕਿ ਰਾਜਸਥਾਨ ਦੇ ਕੋਟਾ ਤੋਂ ਆਕਸੀਜਨ ਦੀ ਕਮੀ ਹੋਣ ਕਾਰਨ ਦੋ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਟਾ ਦੇ ਨਿਊ ਮੈਡੀਕਲ ਕਾਲਜ ਕੋਵਿਡ ਹਸਪਤਾਲ ਵਿੱਚ ਆਕਸੀਜਨ ਦੀ ਸਪਲਾਈ ਰੁਕਣ ਕਾਰਨ ਦੋ ਮਰੀਜ਼ਾਂ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਹੈ ਕਿ 19 ਅਪ੍ਰੈਲ ਨੂੰ ਅੱਧੀ ਰਾਤ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਸੀ, ਜਿਸ ਕਾਰਨ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਹਾਲਤ ਵਿਗੜ ਗਈ। ਉੱਥੇ ਹੀ ਦੂਜੇ ਪਾਸੇ ਹਸਪਤਾਲ ਦੇ ਸੁਪਰਡੈਂਟ ਨੀਲੇਸ਼ ਜੈਨ ਨੇ ਕਿਹਾ ਕਿ ਸਾਨੂੰ ਸਿਲੰਡਰ ਦੀ ਕਮੀ ਕਾਰਨ 2-5 ਮਿੰਟ ਦੀ ਗੜਬੜੀ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਇੱਕ ਮਹਿਲਾ ਦੀ ਮੌਤ ਹੋ ਗਈ। ਵੈਂਟੀਲੇਟਰ ਸੰਚਾਲਤ ਕਰਨ ਲਈ ਦਬਾਅ ਦੀ ਮਾਤਰਾ ਘੱਟ ਹੋ ਗਈ ਸੀ। ਇਸ ਮਾਮਲੇ ਵਿੱਚ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਪ੍ਰਸ਼ਾਸਨ ‘ਤੇ ਦੋਸ਼ ਲਗਾਉਂਦਿਆਂ ਰਾਜ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਕੋਟਾ ਦੇ ਜਿਸ ਕੋਵਿਡ ਹਸਪਤਾਲ ਵਿੱਚ ਇਹ ਘਟਨਾ ਵਾਪਰੀ ਹੈ, ਉਹ 500 ਤੋਂ ਵੱਧ ਬੈੱਡਾਂ ਵਾਲਾ ਹਸਪਤਾਲ ਹੈ । ਇੱਥੇ 450 ਤੋਂ ਵਧੇਰੇ ਲੋਕ ਆਕਸੀਜਨ ’ਤੇ ਹਨ। ਸਾਰੇ ਬੈੱਡ ਭਰੇ ਹੋਏ ਹਨ। ਇਸ ਵਜ੍ਹਾ ਤੋਂ ਹਸਪਤਾਲ ’ਚ ਆਕਸੀਜਨ ਸਪਲਾਈ ਦਾ ਲਗਾਤਾਰ ਦਬਾਅ ਵੱਧ ਰਿਹਾ ਹੈ । ਇਸ ਘਟਨਾ ਮਗਰੋਂ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ਵਿੱਚ ਹੈ।