Two militants killed: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਘਾਮਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਮੁਠਭੇੜ ਵਿੱਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ । ਫਿਲਹਾਲ, ਪੂਰੇ ਇਲਾਕੇ ਨੂੰ ਇਲਾਕੇ ਘੇਰ ਕੇ ਸੁਰੱਖਿਆ ਬਲਾਂ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ । ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਠਭੇੜ ਵਿੱਚ ਤਿੰਨ ਦਿਨ ਪਹਿਲਾਂ ਬਿਜਬੇਹਰਾ ਵਿੱਚ ਇੱਕ ਪੰਜ ਸਾਲਾ ਮਾਸੂਮ ਅਤੇ ਸੀਆਰਪੀਐਫ ਜਵਾਨ ਨੂੰ ਮਾਰਨ ਵਾਲੇ ਦੋ ਅੱਤਵਾਦੀ ਮਾਰੇ ਗਏ ਹਨ ।
ਦੱਸ ਦੇਈਏ ਕਿ ਜੂਨ ਵਿੱਚ ਹੁਣ ਤੱਕ 48 ਅੱਤਵਾਦੀ ਮਾਰੇ ਜਾ ਚੁੱਕੇ ਹਨ । ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਆਪਸੀ ਤਾਲਮੇਲ ਦੇ ਚੱਲਦਿਆਂ ਇਹ ਆਪ੍ਰੇਸ਼ਨ ਬਿਨ੍ਹਾਂ ਕਿਸੇ ਨੁਕਸਾਨ ਦੇ ਅੰਜ਼ਾਮ ਦਿੱਤੇ ਜਾ ਰਹੇ ਹਨ । ਇਸ ਸਾਲ ਘਾਟੀ ਵਿੱਚ ਛੇ ਅਪ੍ਰੇਸ਼ਨਲ ਕਮਾਂਡਰਾਂ ਸਣੇ 118 ਅੱਤਵਾਦੀਆਂ ਦੀ ਫੌਜ ਦਾ ਸਫਾਇਆ ਕਰ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਨੰਤਨਾਗ ਦੇ ਰਣੀਪੋਰਾ ਖੇਤਰ ਵਿੱਚ ਸੋਮਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਸਨ । ਮਾਰੇ ਗਏ ਅੱਤਵਾਦੀਆਂ ਕੋਲੋਂ ਇੱਕ AK 47 ਰਾਈਫਲ ਅਤੇ 2 ਪਿਸਤੌਲ ਬਰਾਮਦ ਕੀਤੇ ਗਏ ਹਨ ।
ਦੱਸ ਦੇਈਏ ਕਿ ਸੋਮਵਾਰ ਨੂੰ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਐਸਓਜੀ, ਆਰਮੀ ਦੀ 19-ਆਰਆਰ (ਰਾਸ਼ਟਰੀ ਰਾਈਫਲਜ਼) ਅਤੇ ਸੀਆਰਪੀਐਫ ਨੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ । ਇਸ ਦੌਰਾਨ ਅੱਤਵਾਦੀਆਂ ਨੇ ਆਪਣੇ ਆਪ ਨੂੰ ਘੇਰਿਆ ਵੇਖ ਕੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ।