two security personnel martyred: ਭੁਵਨੇਸ਼ਵਰ: ਓਡੀਸ਼ਾ ਦੇ ਕਲਾਹੰਡੀ ਜ਼ਿਲੇ ਵਿੱਚ ਮਾਓਵਾਦੀਆਂ ਨਾਲ ਮੁਕਾਬਲੇ ‘ਚ ਦੋ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਕਲਾਹੰਡੀ -ਕੰਧਮਲ ਸਰਹੱਦ ‘ਤੇ ਭੰਡਾਰੰਗੀ ਸਰਕੀ ਜੰਗਲ ਖੇਤਰ ਵਿੱਚ ਬੁੱਧਵਾਰ ਨੂੰ ਹੋਏ ਮੁਕਾਬਲੇ ਵਿੱਚ ਪੰਜ ਮਾਓਵਾਦੀ ਵੀ ਮਾਰੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਓਡੀਸ਼ਾ ਪੁਲਿਸ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੇ ਦੋ ਅਧਿਕਾਰੀ ਮਯੂਰਭੰਜ ਦੇ 28 ਸਾਲਾ ਸੁਧੀਰ ਕੁਮਾਰ ਟੂਡੂ ਅਤੇ ਅੰਗੂਲ ਜ਼ਿਲੇ ਦੇ 27 ਸਾਲਾ ਦੇਵਾਸ਼ੀ ਸੇਠੀ, ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਉਨ੍ਹਾਂ ਵਿੱਚੋਂ ਇੱਕ ਪਹਿਲਾਂ ਜ਼ਖਮੀ ਹੋ ਗਿਆ ਅਤੇ ਬਾਅਦ ‘ਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸੇ ਸਮੇਂ, ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਹੋਰ ਕਰਮਚਾਰੀ ਦੀ ਲਾਸ਼ ਮਿਲੀ। ਉਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਾਰੇ ਗਏ ਮਾਓਵਾਦੀਆਂ ਵਿੱਚ ਚਾਰ ਔਰਤਾਂ ਹਨ।
ਅਧਿਕਾਰੀ ਨੇ ਦੱਸਿਆ ਕਿ ਉਹ ਸਾਰੇ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਬਨਸਾਧਰਾ-ਗੁਮਸਰ-ਨਾਗਬਾਲੀ ਸੈਕਸ਼ਨ ਨਾਲ ਸਬੰਧਿਤ ਸਨ। ਕਾਲਾਹੰਡੀ ਦੇ ਐਸ.ਪੀ. ਬੀ ਗੰਗਾਧਰ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਛੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਇੱਕ ਖੁਫੀਆ ਜਾਣਕਾਰੀ ਉੱਤੇ ਕਾਰਵਾਈ ਕਰਦਿਆਂ ਐਸਓਜੀ ਨੇ ਜ਼ਿਲ੍ਹਾ ਸਵੈਇੱਛਕ ਫੋਰਸ (ਡੀਵੀਐਫ) ਦੇ ਨਾਲ ਮਿਲ ਕੇ ਮੰਗਲਵਾਰ ਨੂੰ ਅਭਿਆਨ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਐਸਓਜੀ ਅਤੇ ਡੀਵੀਐਫ ਦੀਆਂ ਦੋ ਸਾਂਝੀਆਂ ਟੀਮਾਂ ਇਸ ਮੁਹਿੰਮ ਦਾ ਹਿੱਸਾ ਸਨ। ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਬੁੱਧਵਾਰ ਸਵੇਰੇ 11 ਵਜੇ ਹੋਇਆ। ਫਾਇਰਿੰਗ ਤਕਰੀਬਨ ਅੱਧੇ ਘੰਟੇ ਤੱਕ ਚੱਲੀ। ਪੁਲਿਸ ਨੇ ਦੱਸਿਆ ਕਿ ਕੰਧਮਾਲ ਜ਼ਿਲੇ ਦੇ ਸਿਰਲਾ ਰਿਜ਼ਰਵ ਜੰਗਲਾਤ ਖੇਤਰ ਵਿੱਚ 5 ਜੁਲਾਈ ਨੂੰ ਸੁਰੱਖਿਆ ਬਲਾਂ ਨੇ ਇਸੇ ਤਰ੍ਹਾਂ ਦੀ ਕਾਰਵਾਈ ਕਰਦਿਆਂ ਦੋ ਔਰਤਾਂ ਸਣੇ ਪੰਜ ਮਾਓਵਾਦੀ ਮਾਰੇ ਸਨ। 23 ਜੁਲਾਈ ਨੂੰ ਇਸੇ ਖੇਤਰ ਵਿੱਚ ਦੋ ਹੋਰ ਮਾਓਵਾਦੀ ਵੀ ਮਾਰੇ ਗਏ ਸਨ।