Two terrorists killed in encounter: ਜੰਮੂ ਕਸ਼ਮੀਰ ਵਿੱਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦਾ ਸਫਾਇਆ ਜਾਰੀ ਹੈ । ਬੁੱਧਵਾਰ ਸਵੇਰੇ ਸ਼ੋਪੀਆਂ ਜ਼ਿਲ੍ਹੇ ਵਿੱਚ ਐਨਕਾਊਂਟਰ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਆਪ੍ਰੇਸ਼ਨ ਸ਼ੋਪੀਆਂ ਦੇ ਸੁਗਨ ਖੇਤਰ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਐਨਕਾਊਂਟਰ ਬੀਤੀ ਰਾਤ ਯਾਨੀ ਕਿ ਮੰਗਲਵਾਰ ਦੀ ਰਾਤ ਨੂੰ ਸ਼ੁਰੂ ਹੋਇਆ, ਜਦੋਂ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਦੋ-ਤਿੰਨ ਅੱਤਵਾਦੀ ਇੰਪੁੱਟ ਮਿਲਣ ਤੋਂ ਬਾਅਦ ਘੇਰਾਬੰਦੀ ਵਿੱਚ ਆ ਗਏ।
ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚ ਐਨਕਾਊਂਟਰ ਇੱਕ ਵਾਰ ਫਿਰ ਵਧ ਗਏ ਹਨ ਅਤੇ ਅੱਤਵਾਦੀਆਂ ਦਾ ਖਾਤਮਾ ਜਾਰੀ ਹੈ। ਹਾਲ ਹੀ ਵਿੱਚ, ਸੁਰੱਖਿਆ ਬਲਾਂ ਨੇ ਪੁਲਵਾਮਾ ਵਿੱਚ ਅੱਤਵਾਦੀਆਂ ਨੂੰ ਘੇਰ ਕੇ ਠਿਕਾਣੇ ਲਗਾਇਆ ਸੀ ।
ਇਸ ਤੋਂ ਇਲਾਵਾ ਪੁਲਵਾਮਾ ਵਿੱਚ ਹੀ ਬੀਤੇ ਦਿਨੀਂ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ CRPF ਦੇ ਦੋ ਜਵਾਨ ਸ਼ਹੀਦ ਹੋਏ ਸਨ । ਸਰਦੀਆਂ ਦੇ ਮੌਸਮ ਵਿੱਚ ਅਕਸਰ ਹੀ ਅੱਤਵਾਦੀਆਂ ਵੱਲੋਂ ਘੁਸਪੈਠ ਅਤੇ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ, ਇਸ ਲਈ ਸੁਰੱਖਿਆ ਬਲ ਪੂਰੀ ਤਰ੍ਹਾਂ ਚੌਕਸ ਹਨ।
ਦੱਸ ਦੇਈਏ ਕਿ ਪਿਛਲੇ ਦਿਨੀਂ ਆਈ ਇੱਕ ਰਿਪੋਰਟ ਅਨੁਸਾਰ ਅੱਤਵਾਦੀਆਂ ਕੋਲ ਹੁਣ ਹਥਿਆਰਾਂ ਦੀ ਘਾਟ ਹੈ, ਜਿਸ ਕਾਰਨ ਸੁਰੱਖਿਆ ਬਲਾਂ ਵੱਲੋਂ ਸਖਤੀ ਵਰਤੀ ਜਾ ਰਹੀ ਹੈ । ਅਜਿਹੀ ਸਥਿਤੀ ਵਿੱਚ ਅੱਤਵਾਦੀ ਲਗਾਤਾਰ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਹਥਿਆਰਾਂ ਨੂੰ ਲੁੱਟਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ ਪਰ ਅਸਫਲ ਹੋ ਜਾਂਦੇ ਹਨ।