Two terrorists killed in Shopian encounter: ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਮੱਲਹੋਰਾ ਖੇਤਰ ਵਿੱਚ ਅੱਜ ਇੱਕ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਢੇਰ ਕੀਤੇ ਹਨ। ਇਨ੍ਹਾਂ ਅੱਤਵਾਦੀਆਂ ਕੋਲੋਂ ਏ ਕੇ 47 ਰਾਈਫਲ ਅਤੇ ਪਿਸਤੌਲ ਵੀ ਬਰਾਮਦ ਹੋਇਆ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਫਿਲਹਾਲ ਆਪ੍ਰੇਸ਼ਨ ਖ਼ਤਮ ਹੋ ਗਿਆ ਹੈ। ਦੱਸ ਦੇਈਏ ਕਿ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਜਾਣਕਾਰੀ ਦੇ ਅਧਾਰ ‘ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਜਿਵੇਂ ਹੀ ਸੁਰੱਖਿਆ ਬਲ ਉਸ ਜਗ੍ਹਾ ‘ਤੇ ਪਹੁੰਚੇ ਜਿੱਥੇ ਅੱਤਵਾਦੀ ਲੁਕੇ ਹੋਏ ਸੀ, ਭਾਰੀ ਫਾਇਰਿੰਗ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਰਚ ਅਭਿਆਨ ਦੌਰਾਨ ਅੱਤਵਾਦੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਸਿਪਾਹੀਆਂ ਨੇ ਉਨ੍ਹਾਂ ਨੂੰ ਘੇਰ ਲਿਆ।
ਉਸੇ ਸਮੇਂ, ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਚਾਂਦਪੋਰਾ ਬਿਜਬੇਹਰਾ ਖੇਤਰ ਵਿੱਚ ਅੱਤਵਾਦੀਆਂ ਦੁਆਰਾ ਇੱਕ ਪੁਲਿਸ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਸ਼ਹੀਦ ਇੰਸਪੈਕਟਰ ਦਾ ਨਾਮ ਮੁਹੰਮਦ ਅਸਰਾਫ ਭੱਟ ਹੈ। ਉਹ ਚਾਂਦਪੋਰਾ ਕਨੇਲਵਨ ਦਾ ਵਸਨੀਕ ਸੀ। ਉਸ ਨੂੰ ਘਰ ਨੇੜੇ ਹੀ ਗੋਲੀ ਮਾਰ ਦਿੱਤੀ ਗਈ। ਪੁਲਿਸ ਦੇ ਅਨੁਸਾਰ, ਗੋਲੀ ਨਾਲ ਜ਼ਖਮੀ ਹੋਏ ਅਧਿਕਾਰੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸਨੇ ਆਖਰੀ ਸਾਹ ਲਿਆ। ਪੁਲਿਸ ਨੇ ਇਸ ਘਟਨਾ ਦਾ ਕੇਸ ਦਰਜ ਕਰ ਲਿਆ ਹੈ।