unexploded world war ii bombs discovered: ਇੱਕ ਘਰ ਬਣਾਉਣ ਲਈ ਨੀਂਹ ਪੁੱਟਣ ਵੇਲੇ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਇੱਕ-ਇੱਕ ਕਰਕੇ ਜ਼ਮੀਨ ਵਿੱਚੋਂ ਬੰਬ ਨਿਕਲਣੇ ਸ਼ੁਰੂ ਹੋ ਗਏ। ਇਹ ਵੇਖ ਕੇ ਜ਼ਮੀਨ ਦੇ ਮਾਲਕ ਨੇ ਪੁਲਿਸ ਨੂੰ ਬੁਲਾਇਆ ਅਤੇ ਫਿਰ ਜਦੋਂ ਹੋਰ ਖੁਦਾਈ ਕੀਤੀ ਗਈ ਤਾਂ ਪੂਰੇ 122 ਬੰਬ ਬਾਹਰ ਕੱਢੇ ਗਏ। ਇਹ ਘਟਨਾ ਮਣੀਪੁਰ ਦੇ ਮੋਰੇਹ ਸ਼ਹਿਰ ਦੀ ਹੈ ਜਿੱਥੇ ਮਿਆਂਮਾਰ ਅਤੇ ਭਾਰਤ ਦੀ ਸਰਹੱਦ ਹੈ।
ਮਣੀਪੁਰ ਦੇ ਮੋਰੇਹ ਵਿੱਚ ਜਾਂਗ ਵੈਂਗ ਨੇੜੇ ਗੈਂਟੇ ਵੈਂਗ ਖੇਤਰ ਵਿੱਚ ਇੱਕ ਪਲਾਟ ‘ਚ ਮਕਾਨ ਬਣਾਉਣ ਲਈ ਖੁਦਾਈ ਚੱਲ ਰਹੀ ਸੀ। ਓਦੋਂ ਹੀ ਫਿਰ, ਖੁਦਾਈ ਦੇ ਦੌਰਾਨ, ਉਥੋਂ ਬੰਬ ਨਿਕਲਣੇ ਸ਼ੁਰੂ ਹੋ ਗਏ। ਇਸ ਤੋਂ ਡਰਦਿਆਂ ਮਕਾਨ ਮਾਲਕ ਨੇ ਤੁਰੰਤ ਪੁਲਿਸ ਨੂੰ ਬੁਲਾ ਲਿਆ। ਇਹ ਘਟਨਾ ਮੰਗਲਵਾਰ ਦੀ ਹੈ।
ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਜਦੋਂ ਖੁਦਾਈ ਜਾਰੀ ਰੱਖੀ ਗਈ ਤਾਂ ਫਿਰ ਪੂਰੇ 122 ਬੰਬ ਬਾਹਰ ਕੱਢੇ ਗਏ। ਇਹ ਬੰਬ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਜ਼ਮੀਨ ਵਿੱਚ ਦਫਨਾਇਆ ਗਿਆ ਸੀ। ਇਨ੍ਹਾਂ ਬੰਬਾ ਦੀ ਵਰਤੋਂ ਨਹੀਂ ਕੀਤੀ ਗਈ। ਦੂਜੀ ਵਿਸ਼ਵ ਜੰਗ ਦੌਰਾਨ ਇੱਥੇ ਜਾਪਾਨੀ ਸੈਨਾ ਮੌਜੂਦ ਸੀ।
ਇੱਥੋਂ ਹੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ਼ ਨੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ। ਮਣੀਪੁਰ ਪੁਲਿਸ ਸਾਰੇ ਬੰਬ ਆਪਣੇ ਨਾਲ ਮੋਰੇਹ ਥਾਣੇ ਲੈ ਗਈ ਹੈ। ਉਥੇ ਸੁਰੱਖਿਆ ਦੇ ਨਾਲ ਬੰਬ ਰੱਖੇ ਗਏ ਹਨ। ਇਸ ਤੋਂ ਪਹਿਲਾਂ ਇਸ ਸਾਲ 17 ਜੁਲਾਈ ਨੂੰ ਵੀ, ਮੋਰੇਹ ਖੇਤਰ ਤੋਂ ਬਿਨਾਂ ਚਲੇ ਹੋਏ 27 ਬੰਬ, ਬੰਬਾ ਦੇ 43 ਖਾਲੀ ਖੋਖੇ ਅਤੇ 15 ਖਾਲੀ ਬਕਸੇ ਮਿਲੇ ਸਨ।
ਇਹ ਖੇਤਰ ਮਿਆਂਮਾਰ ਅਤੇ ਭਾਰਤ ਦੀ ਸਰਹੱਦ ‘ਤੇ ਹੈ, ਇਸ ਲਈ ਇੱਥੇ ਵੱਡੀ ਗਿਣਤੀ ਵਿੱਚ ਬਿਨਾਂ ਫਟੇ ਭਾਵ ਬਿਨਾਂ ਵਰਤੇ ਹੋਏ ਬੰਬ ਮਿਲਦੇ ਹਨ।