Unlock 3 Guidelines: ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਅਨਲੌਕ -3 ਦੀ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ । ਇਸ ਗਾਈਡਲਾਈਨ ਅਨੁਸਾਰ ਰਾਤ ਨੂੰ ਲੋਕਾਂ ਦੀ ਆਵਾਜਾਈ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ । ਇਸਦੇ ਨਾਲ ਹੀ ਯੋਗਾ ਇੰਸਟੀਚਿਊਟ ਅਤੇ ਜਿਮ ਨੂੰ 5 ਅਗਸਤ ਤੋਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਹਾਲਾਂਕਿ, ਸਕੂਲ ਅਤੇ ਕਾਲਜਾਂ ਸਮੇਤ ਵਿਦਿਅਕ ਸੰਸਥਾਵਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਉਨ੍ਹਾਂ ‘ਤੇ ਪਾਬੰਦੀ ਜਾਰੀ ਰਹੇਗੀ । ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ 15 ਲੱਖ ਤੱਕ ਪਹੁੰਚ ਗਏ ਹਨ।
ਇਸ ਤੋਂ ਇਲਾਵਾ ਗਾਈਡਲਾਈਨ ਅਨੁਸਾਰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਸਮਾਜਿਕ ਦੂਰੀਆਂ ਨਾਲ ਮਨਾਏ ਜਾ ਸਕਦੇ ਹਨ। ਇਸ ਦੌਰਾਨ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਸ ਗਾਈਡਲਾਈਨ ਅਨੁਸਾਰ ਸਕੂਲ-ਕਾਲਜ ਤੇ ਕੋਚਿੰਗ ਸੰਸਥਾਨ 31 ਅਗਸਤ ਤੱਕ ਬੰਦ ਰਹਿਣਗੇ । ਇਸਦੇ ਨਾਲ ਹੀ ਸਿਨੇਮਾ ਹਾਲ, ਸਵੀਮਿੰਗ ਪੂਲ, ਥੀਏਟਰ, ਮਨੋਰੰਜਨ ਪਾਰਕ ਤੇ ਬਾਰ ਵੀ ਬੰਦ ਰਹਿਣਗੇ।
ਅਨਲੌਕ 3 ਵਿੱਚ ਯੋਗ ਸੰਸਥਾਵਾਂ ਅਤੇ ਜਿਮ 5 ਅਗਸਤ ਤੋਂ ਖੁੱਲ੍ਹ ਸਕਣਗੇ, ਪਰ ਉਨ੍ਹਾਂ ਨੂੰ ਐਸਓਪੀ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ। ਇਸ ਫੇਜ਼ ਵਿੱਚ ਵਿਦੇਸ਼ੀ ਉਡਾਣਾਂ ਬੰਦ ਰਹਿਣਗੀਆਂ, ਸਿਰਫ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਉਡਾਣਾਂ ਹੀ ਚੱਲਣਗੀਆਂ। ਮੈਟਰੋ ਬੰਦ ਰਹੇਗੀ। ਵੱਡੇ ਸਮਾਜਿਕ ਸਮਾਗਮ, ਰਾਜਨੀਤਿਕ, ਖੇਡ ਪ੍ਰੋਗਰਾਮ ਨਹੀਂ ਹੋਣਗੇ। 15 ਅਗਸਤ ਦੇ ਪ੍ਰੋਗਰਾਮ ਵੀ ਗਾਈਡਲਾਈਨ ਅਨੁਸਾਰ ਹੋਣਗੇ। ਕੰਟੇਨਮੈਂਟ ਜ਼ੋਨ ਵਿੱਚ ਇਹ ਤਾਲਾਬੰਦੀ 31 ਅਗਸਤ ਤੱਕ ਜਾਰੀ ਰਹੇਗੀ ਤੇ ਰਾਤ ਦਾ ਕਰਫਿਊ ਨਹੀਂ ਹੋਵੇਗਾ।
ਦੱਸ ਦੇਈਏ ਕਿ ਇਸ ਗਾਈਡਲਾਈਨ ਵਿੱਚ ਉਡਾਣਾਂ ਨੂੰ ਲੈ ਕੇ ਕਿਹਾ ਗਿਆ ਹੈ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ ਸੀਮਤ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਆਗਿਆ ਦਿੱਤੀ ਗਈ ਹੈ, ਹੋਰ ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ਨੂੰ ਪੜਾਅਵਾਰ ਸ਼ੁਰੂ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨ ਵਿੱਚ 31 ਅਗਸਤ 2020 ਤੱਕ ਲਾਕਡਾਊਨ ਪਾਬੰਦੀਆਂ ਵਿੱਚ ਕੋਈ ਢਿੱਲ ਨਹੀਂ ਦਿੱਤੀਜਾਵੇਗੀ। ਦੱਸ ਦੇਈਏ ਕਿ ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 15 ਲੱਖ ਨੂੰ ਪਾਰ ਕਰ ਗਈ ਹੈ । ਇਨ੍ਹਾਂ ਵਿਚੋਂ 988029 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 34193 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।