UP farmer destroys crop: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਪਿਛਲੇ ਢਾਈ ਮਹੀਨਿਆਂ ਦੇ ਵੱਧ ਸਮੇਂ ਤੋਂ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਵਾਪਿਸ ਨਹੀਂ ਹੁੰਦੇ ਉਦੋਂ ਤੱਕ ਉਨ੍ਹਾਂ ਦਾ ਇਹ ਅੰਦੋਲਨ ਜਾਰੀ ਰਹੇਗਾ। ਇਸੇ ਵਿਚਾਲੇ ਗਾਜ਼ੀਪੁਰ ਬਾਰਡਰ ‘ਤੇ ਬੈਠੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇ ਸਾਡੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਹਨ ਤਾਂ ਵੀ ਅਸੀਂ ਇਹ ਅੰਦੋਲਨ ਜਾਰੀ ਰੱਖਾਂਗੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਬਿਜਨੌਰ ਦੇ ਇੱਕ ਕਿਸਾਨ ਨੇ ਆਪਣੀ ਹੀ ਫਸਲ ਬਰਬਾਦ ਕਰ ਦਿੱਤੀ ਹੈ।
ਦਰਅਸਲ, ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਦਰਜ ਕਰਾਉਣ ਦੇ ਉਦੇਸ਼ ਨਾਲ ਕਿਸਾਨ ਨੇ ਆਪਣੀ 6 ਵਿੱਘੇ ਵਿੱਚ ਖੜ੍ਹੀ ਕਣਕ ਦੀ ਫਸਲ ਬਰਬਾਦ ਕਰ ਦਿੱਤੀ। ਇਸਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਬਿਜਨੌਰ ਦੀ ਚਾਂਦਪੁਰ ਤਹਿਸੀਲ ਦੇ ਕੁਲਚਾਨਾ ਪਿੰਡ ਦੇ ਸੋਹਿਤ ਅਹਲਾਵਤ ਆਪਣੀ ਫਸਲ ‘ਤੇ ਟਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ ।
ਫਸਲ ਬਰਬਾਦ ਕਰਨ ਦੀ ਵੀਡੀਓ ‘ਤੇ ਹੁਣ ਰਾਕੇਸ਼ ਟਿਕੈਤ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਰਾਕੇਸ਼ ਟਿਕੈਤ ਨੇ ਯੂਪੀ ਗੇਟ ‘ਤੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ, ‘ਸਰਕਾਰ ਸਾਨੂੰ ਅਜਿਹੀ ਸਥਿਤੀ ਵਿੱਚ ਲੈ ਕੇ ਆਈ ਹੈ, ਜਿੱਥੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਰਬਾਦ ਕਰਨੀਆਂ ਪੈ ਰਹੀਆਂ ਹਨ। ਇਹ ਚੰਗੀ ਸਥਿਤੀ ਨਹੀਂ ਹੈ। ਮੈਂ ਇਸ ਵੀਡੀਓ ਨੂੰ ਵੇਖ ਕੇ ਨਿੱਜੀ ਤੌਰ ‘ਤੇ ਬਹੁਤ ਦੁਖੀ ਹਾਂ। ਪਰ ਇੱਕ ਸੀਜ਼ਨ ਦੀ ਫਸਲ ਨੂੰ ਬਰਬਾਦ ਕਰਨ ਦੀ ਮੇਰੀ ਜੋ ਗੱਲ ਸੀ, ਉਸਦਾ ਇਹ ਮਤਲਬ ਨਹੀਂ ਸੀ। ਇਸ ਤਰ੍ਹਾਂ ਨੁਕਸਾਨ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹੈ। ਫਸਲ ਨੂੰ ਨਸ਼ਟ ਕਰਨ ਵਾਲੇ ਕਿਸਾਨ ਸੋਹਿਲ ਅਹਲਾਵਤ ਨੇ ਕਿਹਾ, “ਜਦੋਂ ਇਹ ਬੇਲੋੜੇ ਕਾਨੂੰਨ ਲਾਗੂ ਕਰ ਦਿੱਤੇ ਜਾਣਗੇ ਤਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਭਾਅ ਦੀ ਕੋਈ ਗਰੰਟੀ ਨਹੀਂ ਮਿਲੇਗੀ।”
ਸੋਹਿਤ ਅਹਲਾਵਤ ਨੇ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਦੀ ਗਰੰਟੀ ਅਤੇ ਸੁਰੱਖਿਆ ਨਹੀਂ ਮਿਲੇਗੀ । ਅਜਿਹੀ ਸਥਿਤੀ ਵਿੱਚ ਜਦੋਂ ਸਾਡੇ ਉੱਤੇ ਜ਼ੁਲਮ ਹੀ ਕੀਤਾ ਜਾਣਾ ਹੈ ਤਾਂ ਫਿਰ ਫਸਲਾਂ ਕਿਊ ਬੀਜੀਏ। ਅਸੀਂ ਬਿਜਨੌਰ ਤੋਂ ਸਰਕਾਰ ਨੂੰ ਸੁਨੇਹਾ ਭੇਜਣ ਲਈ ਫਸਲ ਬਰਬਾਦ ਕਰ ਦਿੱਤੀ ਹੈ। ਸੋਹਿਤ ਅਹਲਾਵਤ ਦੇ ਪਿਤਾ ਸੰਜੀਵ ਕੁਮਾਰ ਕੋਲ 40 ਵਿੱਘੇ ਖੇਤੀ ਹੈ । ਵਾਇਰਲ ਹੋ ਰਹੀ ਵੀਡੀਓ ਵਿੱਚ ਸੰਜੀਵ ਕੁਮਾਰ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, ‘ਤੁਸੀਂ ਮੇਰੀ ਕਣਕ ਦੀ ਖੜ੍ਹੀ ਫਸਲ ਨੂੰ ਵੇਖ ਸਕਦੇ ਹੋ। ਮੈਂ ਇਸਨੂੰ ਸਭ ਦੇ ਸਾਹਮਣੇ ਬਰਬਾਦ ਕਰ ਰਿਹਾ ਹਾਂ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਜੋ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਸਕੇ। ਮੈਂ ਨਹੀਂ ਚਾਹੁੰਦਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ।’