UP govt issues Unlock 4 guidelines: ਉੱਤਰ ਪ੍ਰਦੇਸ਼ ਵਿੱਚ ਅਨਲੌਕ-4 ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਕਈ ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ ਸਰਕਾਰ ਨੇ ਵੱਖ-ਵੱਖ ਗਤੀਵਿਧੀਆਂ ਸ਼ੁਰੂ ਕਰਨ ਲਈ ਇੱਕ ਆਦੇਸ਼ ਜਾਰੀ ਕੀਤਾ ਹੈ। ਅਨਲੌਕ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਸਤੰਬਰ ਤੋਂ ਸਕੂਲਾਂ ਵਿੱਚ ਸਟਾਫ ਨੂੰ ਆਨਲਾਈਨ ਸਿੱਖਿਆ ਕਾਉਂਸਲਿੰਗ ਨਾਲ ਜੁੜੇ ਕੰਮ ਲਈ ਬੁਲਾਇਆ ਜਾ ਸਕਦਾ ਹੈ। 21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਜੋ ਕੰਨਟੇਨਮੈਂਟ ਜ਼ੋਨ ਵਿੱਚ ਆਉਂਦੇ ਹਨ, ਨੂੰ ਆਪਣੇ ਆਪ ਸਕੂਲਾਂ ਵਿੱਚ ਜਾਣ ਦੀ ਆਗਿਆ ਹੋਵੇਗੀ। ਇਸ ਦੇ ਲਈ ਉਨ੍ਹਾਂ ਨੂੰ ਮਾਪਿਆਂ ਦੀ ਲਿਖਤੀ ਸਹਿਮਤੀ ਦੀ ਜ਼ਰੂਰਤ ਹੋਵੇਗੀ। 7 ਸਤੰਬਰ 2020 ਤੋਂ ਮੈਟਰੋ ਰੇਲ ਪੜਾਅਵਾਰ ਚਲਾਈ ਜਾਵੇਗੀ। ਇਸ ਲਈ ਵੱਖਰੇ ਤੌਰ ‘ਤੇ SOP ਜਾਰੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਰਾਜ ਵਿੱਚ 21 ਸਤੰਬਰ ਤੋਂ ਸਾਰੇ ਸਮਾਜਿਕ, ਅਕਾਦਮਿਕ, ਖੇਡਾਂ, ਮਨੋਰੰਜਨ, ਸਭਿਆਚਾਰਕ, ਧਾਰਮਿਕ, ਰਾਜਨੀਤਿਕ ਪ੍ਰੋਗਰਾਮਾਂ ਅਤੇ ਹੋਰ ਸਮੂਹਿਕ ਗਤੀਵਿਧੀਆਂ ਨੂੰ ਵੱਧ ਤੋਂ ਵੱਧ 100 ਲੋਕਾਂ ਨਾਲ ਸ਼ੁਰੂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਫੇਸ ਮਾਸਕ ਦੀ ਵਰਤੋਂ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਲਾਜ਼ਮੀ ਹੋਵੇਗੀ। 20 ਸਤੰਬਰ ਤੱਕ ਵਿਆਹ ਸਮਾਰੋਹ ਵਿੱਚ ਵੱਧ ਤੋਂ ਵੱਧ 30 ਲੋਕ ਅਤੇ ਅੰਤਿਮ ਸੰਸਕਾਰ ਵਿੱਚ ਵੱਧ ਤੋਂ ਵੱਧ 20 ਲੋਕ ਸ਼ਾਮਿਲ ਹੋ ਸਕਣਗੇ।
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਸਿਨੇਮਾ ਘਰ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ ਅਤੇ ਅਜਿਹੇ ਸਾਰੇ ਆਡੀਟੋਰੀਅਮ ਬੰਦ ਰਹਿਣਗੇ । ਓਪਨ ਏਅਰ ਥੀਏਟਰ ਨੂੰ 21 ਸਤੰਬਰ ਤੋਂ ਸ਼ੁਰੂ ਹੋਣ ਦਿੱਤਾ ਜਾਵੇਗਾ। ਡਿਸਟ੍ਰਿਕਟ ਮੈਜਿਸਟਰੇਟ ਵੱਲੋਂ ਕੰਟੇਨਮੈਂਟ ਜ਼ੋਨ ਦੇ ਬਾਹਰ ਸਥਾਨਕ ਤੌਰ ‘ਤੇ ਕੋਈ ਲਾਕਡਾਊਨ ਨਹੀਂ ਲਗਾਇਆ ਜਾਵੇਗਾ। ਹਰ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਕਡਾਊਨ ਦੀ ਪ੍ਰਕਿਰਿਆ ਪਹਿਲਾਂ ਵਾਂਗ ਜਾਰੀ ਰਹੇਗੀ।