UP Imposes 55-Hour Lockdown: ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਹੋ ਗਿਆ ਹੈ। ਇਹ ਲਾਕਡਾਊਨ 13 ਜੁਲਾਈ ਨੂੰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ । ਹਾਲਾਂਕਿ, ਇਸ ਦੌਰਾਨ ਧਾਰਮਿਕ ਸਥਾਨ, ਹਸਪਤਾਲ ਅਤੇ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਲਾਕਡਾਊਨ ਕਾਰਨ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ‘ਤੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਇਸ ਲਾਕਡਾਊਨ ਦੇ ਚੱਲਦਿਆਂ ਪੁਲਿਸ ਦਿੱਲੀ-ਨੋਇਡਾ ਬਾਰਡਰ ‘ਤੇ ਗੱਡੀਆਂ ਦੀ ਚੈਕਿੰਗ ਕਰ ਰਹੀ ਹੈ । ਗੱਡੀਆਂ ਦੇ ਅਹਿਮ ਕਾਗਜ਼ਾਤ ਦੇਖੇ ਜਾ ਰਹੇ ਹਨ । ਪੁਲਿਸ ਵੱਲੋਂ ਗੱਡੀ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸਹੀ ਕਾਰਨ ਨਾ ਹੋਣ ਵਾਲੇ ਗੱਡੀ ਮਾਲਕਾਂ ਨੂੰ ਸਰਹੱਦ ਤੋਂ ਵਾਪਸ ਮੋੜਿਆ ਜਾ ਰਿਹਾ ਹੈ।
ਦਰਅਸਲ, ਯੂਪੀ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਸ਼ੁੱਕਰਵਾਰ ਨੂੰ ਰਾਜ ਵਿੱਚ ਕੋਰੋਨਾ ਦੇ ਰਿਕਾਰਡ 1347 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 27 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਮ੍ਰਿਤਕਾਂ ਦੀ ਗਿਣਤੀ 889 ਹੋ ਗਈ ਹੈ । ਸੂਬੇ ਵਿੱਚ ਕੋਰੋਨਾ ਦੇ 11024 ਸਰਗਰਮ ਕੇਸ ਹਨ। ਕੋਰੋਨਾ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਯੋਗੀ ਸਰਕਾਰ ਨੇ ਵੀਕੈਂਡ ਦੇ ਦਿਨ ਰਾਜ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਯੂਪੀ ਵਿੱਚ ਲਾਗੂ ਕੀਤਾ ਇਹ ਲਾਕਡਾਊਨ ਬਿਲਕੁਲ ਵੱਖਰਾ ਹੈ । ਇਸ ਦੌਰਾਨ ਮਾਲ ਵਾਹਨਾਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ। ਵਾਹਨਾਂ ਦੀ ਆਵਾਜਾਈ ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਜਾਰੀ ਰਹੇਗੀ । ਟ੍ਰੇਨਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ । ਯੂਪੀ ਸਟੇਟ ਰੋਡ ਟ੍ਰਾਂਸਪੋਰਟ ਦੀਆਂ ਬੱਸਾਂ ਚਲਦੀਆਂ ਰਹਿਣਗੀਆਂ। ਘਰੇਲੂ ਹਵਾਈ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ । ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀਆਂ ਅਜੇ ਵੀ ਜਾਰੀ ਹਨ। ਇਸ ਤੋਂ ਇਲਾਵਾ ਐਕਸਪ੍ਰੈਸਵੇ, ਪੁਲ ਅਤੇ ਸੜਕਾਂ ਨਾਲ ਸਬੰਧਤ ਸਾਰੇ ਨਿਰਮਾਣ ਕਾਰਜ ਜਾਰੀ ਰਹਿਣਗੇ । ਜ਼ਰੂਰੀ ਸੇਵਾਵਾਂ ‘ਤੇ ਕੋਈ ਰੋਕ ਨਹੀਂ ਹੋਵੇਗੀ। ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ ਅਤੇ ਡਾਕਟਰੀ ਸੇਵਾਵਾਂ ਨਾਲ ਸਬੰਧਤ ਜ਼ਰੂਰੀ ਵਸਤਾਂ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।