UP Panchayat Election 2021: ਪੱਛਮੀ ਬੰਗਾਲ ਦੇ ਨਤੀਜਿਆਂ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ ਵੀ ਭਾਜਪਾ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ। ਅਯੁੱਧਿਆ ਤੋਂ ਮਥੁਰਾ ਅਤੇ ਕਾਸ਼ੀ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਸਪਾ ਨੇ ਦਾਅਵਾ ਕੀਤਾ ਹੈ ਕਿ ਉਸਨੇ ਭਾਜਪਾ ਨੂੰ ਹਰਾਇਆ ਹੈ। ਹਾਲਾਂਕਿ, ਭਾਜਪਾ ਨੇ ਸੋਮਵਾਰ ਨੂੰ ਇਹ ਦਾਅਵਾ ਵੀ ਕੀਤਾ ਹੈ ਕਿ ਯੂਪੀ ਪੰਚਾਇਤ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਪਹਿਲੇ ਨੰਬਰ ‘ਤੇ ਹੈ। ਅਜਿਹੀ ਸਥਿਤੀ ਵਿੱਚ ਪੰਚਾਇਤੀ ਚੋਣਾਂ ਦੀਆਂ ਸਾਰੀਆਂ ਸੀਟਾਂ ਦੇ ਐਲਾਨ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਰਾਜ ਵਿੱਚ ਨੰਬਰ ਵਨ ਕੌਣ ਹੈ ? ਰਾਮ ਨਗਰੀ ਅਯੁੱਧਿਆ ਦੇ ਵਿੱਚ ਵੀ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਯੁੱਧਿਆ ਜ਼ਿਲੇ ‘ਚ ਜ਼ਿਲਾ ਪੰਚਾਇਤ ਦੇ ਕੁੱਲ ਮੈਂਬਰਾਂ ਦੀਆਂ 40 ਸੀਟਾਂ ਹਨ, ਜਿਨ੍ਹਾਂ ਵਿਚੋਂ ਸਮਾਜਵਾਦੀ ਪਾਰਟੀ ਨੇ 24 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਕਿਹਾ ਗਿਆ ਹੈ ਕਿ ਭਾਜਪਾ ਨੂੰ ਇੱਥੇ ਸਿਰਫ 6 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ 12 ਸੀਟਾਂ ਜਿੱਤੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਵੀ ਭਾਜਪਾ ਦੀ ਸਥਿਤੀ ਚਿੰਤਾਜਨਕ ਹੈ। ਐਮਐਲਸੀ ਦੀ ਚੋਣ ਤੋਂ ਬਾਅਦ ਕਾਸ਼ੀ ਵਿੱਚ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਭਾਜਪਾ ਨੂੰ ਸਖਤ ਹਾਰ ਮਿਲੀ ਹੈ। ਜ਼ਿਲ੍ਹਾ ਪੰਚਾਇਤ ਦੀਆਂ 40 ਸੀਟਾਂ ‘ਚੋਂ ਭਾਜਪਾ ਦੇ ਖਾਤੇ ਵਿੱਚ ਸਿਰਫ 8 ਸੀਟਾਂ ਗਈਆਂ ਹਨ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ 14 ਸੀਟਾਂ ਜਿੱਤੀਆਂ ਹਨ। ਬਸਪਾ ਦੀ ਗੱਲ ਕਰੀਏ ਤਾਂ ਬਸਪਾ ਨੇ ਇਥੇ ਪੰਜ ਸੀਟਾਂ ਜਿੱਤੀਆਂ ਹਨ, ਹਾਲਾਂਕਿ ਬਨਾਰਸ ‘ਚ ਅਪਣਾ ਦਲ (ਐੱਸ) ਨੂੰ 3 ਸੀਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਅਤੇ ਓਮਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੂੰ ਵੀ 1-1 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ 3 ਆਜ਼ਾਦ ਉਮੀਦਵਾਰ ਵੀ ਜਿੱਤੇ ਹਨ। ਸਾਲ 2015 ‘ਚ ਵੀ ਭਾਜਪਾ ਨੂੰ ਕਾਸ਼ੀ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਯੋਗੀ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੇ ਸਪਾ ਤੋਂ ਜ਼ਿਲ੍ਹਾ ਪੰਚਾਇਤ ਦੀ ਕੁਰਸੀ ਖੋਹ ਲਈ ਸੀ।
ਭਗਵਾਨ ਕ੍ਰਿਸ਼ਨ ਦੇ ਸ਼ਹਿਰ ਮਥੁਰਾ ਜ਼ਿਲੇ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਇਥੇ ਵੀ ਹਾਰ ਦਾ ਸਾਹਮਣਾ ਕਰਨਾ ਪਿਆਹੈ । ਮਥੁਰਾ ਵਿੱਚ ਬਹੁਜਨ ਸਮਾਜ ਪਾਰਟੀ ਜਿੱਤੀ ਹੈ। ਇੱਥੇ ਬਸਪਾ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਇਸਦੇ 12 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ। ਬਸਪਾ ਤੋਂ ਬਾਅਦ, ਆਰਐਲਡੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਦੇ 8 ਉਮੀਦਵਾਰਾਂ ਨੇ ਜਿੱਤ ਦਰਜ ਕੀਤੀਆਂ ਹਨ। ਇਸ ਦੇ ਨਾਲ ਹੀ, ਭਾਜਪਾ 9 ਸੀਟਾਂ ‘ਤੇ ਸਿਮਟ ਗਈ ਹੈ। ਜਦਕਿ ਸਪਾ ਨੂੰ 1 ਸੀਟ ਤੇ 3 ਆਜ਼ਾਦ ਜੇਤੂ ਰਹੇ ਹਨ।