ਦੀਵਾਲੀ ਦੇ ਤਿਉਹਾਰੀ ਸੀਜ਼ਨ ਵਿੱਚ ਰਿਕਾਰਡ ਵਿਕਰੀ ਤੋਂ ਬਾਅਦ ਕਾਰੋਬਾਰੀ ਭਾਈਚਾਰਾ 23 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਆਹਾਂ ਦੇ ਸੀਜ਼ਨ ਵਿੱਚ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ । ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਉਮੀਦ ਜਤਾਈ ਹੈ ਕਿ 23 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ਵਿੱਚ ਦੇਸ਼ ਭਰ ਵਿੱਚ ਲਗਭਗ 38 ਲੱਖ ਵਿਆਹ ਹੋਣਗੇ, ਜਿਸ ਨਾਲ ਲਗਭਗ 4.74 ਲੱਖ ਕਰੋੜ ਰੁਪਏ ਦਾ ਵਪਾਰ ਹੋਵੇਗਾ।
ਕੈਟ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਖਪਤਕਾਰਾਂ ਵੱਲੋਂ ਵਿਆਹ ਦੀ ਸ਼ਾਪਿੰਗ ਅਤੇ ਵੱਖ-ਵੱਖ ਸੇਵਾਵਾਂ ਦੀ ਖਰੀਦਦਾਰੀ ਨਾਲ ਸਬੰਧਿਤ ਖਰਚਾ ਪਿਛਲੇ ਸਾਲ ਦੇ ਮੁਕਾਬਲੇ ਲਗਭਗ 1 ਲੱਖ ਕਰੋੜ ਰੁਪਏ ਵੱਧ ਹੈ। ਇਹ ਅਨੁਮਾਨ ਵੱਖ-ਵੱਖ ਸੂਬਿਆਂ ਦੇ 30 ਸ਼ਹਿਰਾਂ ਵਿੱਚ ਵਪਾਰਕ ਸੰਸਥਾਵਾਂ,ਵਸਤੂਆਂ ਅਤੇ ਸੇਵਾਵਾਂ ਦੇ ਹਿੱਸੇਦਾਰਾਂ ਤੋਂ ਮਿਲੇ ਅੰਕੜਿਆਂ ‘ਤੇ ਅਧਾਰਿਤ ਹਨ।
ਇਹ ਵੀ ਪੜ੍ਹੋ: ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਝਟਕਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ
ਕੈਟ ਦੇ ਸਕੱਤਰ ਜਨਰਲ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਮੇਂ (23 ਨਵੰਬਰ-15 ਦਸੰਬਰ) ਦੌਰਾਨ ਲਗਭਗ 38 ਲੱਖ ਵਿਆਹ ਹੋਣਗੇ ਅਤੇ ਕੁੱਲ ਖਰਚਾ ਲਗਭਗ 4.7 ਲੱਖ ਕਰੋੜ ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਗਭਗ 32 ਲੱਖ ਵਿਆਹ ਹੋਏ ਅਤੇ ਕੁੱਲ ਖਰਚਾ 3.75 ਲੱਖ ਕਰੋੜ ਰੁਪਏ ਸੀ। ਇਸ ਲਈ, ਇਸ ਸਾਲ (ਖਰਚ) ਵਿੱਚ ਲਗਭਗ 1 ਲੱਖ ਕਰੋੜ ਰੁਪਏ ਦੇ ਵਾਧੇ ਦੀ ਉਮੀਦ ਹੈ ਜੋ ਕਿ ਭਾਰਤੀ ਅਰਥਵਿਵਸਥਾ ਅਤੇ ਪ੍ਰਚੂਨ ਵਪਾਰ ਲਈ ਇੱਕ ਚੰਗਾ ਸੰਕੇਤ ਹੈ।
ਇਸ ਤੋਂ ਅੱਗੇ ਕੈਟ ਨੇ ਦੱਸਿਆ ਕਿ ਭਲਕੇ 23 ਨਵੰਬਰ ਨੂੰ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜੋ 15 ਦਸੰਬਰ ਤੱਕ ਚੱਲੇਗਾ। ਨਵੰਬਰ ਵਿੱਚ ਵਿਆਹ ਦੀਆਂ ਤਰੀਕਾਂ 23,24,27,28,29 ਹਨ, ਜਦਕਿ ਦਸੰਬਰ ਵਿੱਚ ਵਿਆਹ ਦੀਆਂ ਤਰੀਕਾਂ 3,4,7,8,9 ਅਤੇ 15 ਹਨ। ਖੰਡੇਲਵਾਲ ਨੇ ਕਿਹਾ ਕਿ ਸਿਰਫ ਦਿੱਲੀ ਵਿੱਚ ਇਸ ਸੀਜ਼ਨ ਵਿੱਚ ਚਾਰ ਲੱਖ ਵਿਆਹ ਹੋਣ ਦੀ ਉਮੀਦ ਹੈ, ਜਿਸ ਨਾਲ ਲਗਭਗ 1.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ : –