ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਨੂੰ ਦਿੱਲੀ ਏਅਰਪੋਰਟ ‘ਤੇ ਪਹੁੰਚਣ ਦੇ ਤੁਰੰਤ ਬਾਅਦ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ। ਇਹ ਦਾਅਵਾ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੈ। ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਆਏ ਸਨ । ਪਰਿਵਾਰ ਮੁਤਾਬਕ ਅੰਗਦ 24 ਅਗਸਤ ਬੁੱਧਵਾਰ ਨੂੰ ਰਾਤ 8:30 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੇ ਅਤੇ ਤਿੰਨ ਘੰਟਿਆਂ ਦੇ ਅੰਦਰ ਉਨ੍ਹਾਂ ਨੂੰ ਅਮਰੀਕਾ ਭੇਜ ਦਿੱਤਾ ਗਿਆ । ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿੰਘ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਏ ਸਨ, ਪਰ ਉਨ੍ਹਾਂ ਦੇ ਕੰਮ ਦੇ ਕਾਰਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।
ਅੰਗਦ ਸਿੰਘ ਦੀ ਮਾਂ ਗੁਰਮੀਤ ਕੌਰ ਦੇ ਮੁਤਾਬਕ ਉਹ ਇੱਕ ਨਿੱਜੀ ਯਾਤਰਾ ‘ਤੇ ਬਾਹਰਾਤ ਆਏ ਸਨ। ਉਨ੍ਹਾਂ ਨੇ ਕਿਹਾ ਕਿ ਮੇਰਾ ਬੇਟਾ ਅਮਰੀਕੀ ਨਾਗਰਿਕ ਹੈ। ਉਹ 18 ਘੰਟਿਆਂ ਦੀ ਯਾਤਰਾ ਕਰ ਕੇ ਦਿੱਲੀ ਪਹੁੰਚਿਆ ਸੀ, ਜਿੱਥੋਂ ਉਸਨੇ ਪੰਜਾਬ ਜਾਣਾ ਸੀ। ਪਰ ਉਸ ਨੂੰ ਅਗਲੀ ਫਲਾਈਟ ਵਿੱਚ ਬਿਠਾ ਕੇ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕ ‘ਚ ਨਹੀਂ ਟਿਕ ਰਹੇ ਡਾਕਟਰ ! ਹੁਣ ਬਰਨਾਲਾ ‘ਚ ਆਰਥੋ ਐਮਐਸ ਸਰਜਨ ਨੇ ਦਿੱਤਾ ਅਸਤੀਫਾ
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਵਾਈਸ ਨਾਲ ਜੁੜੇ ਅੰਗਦ ਸਿੰਘ ਦੱਖਣੀ ਏਸ਼ੀਆ ਨੂੰ ਕਵਰ ਕਰਦੇ ਹਨ । ਉਨ੍ਹਾਂ ਨੇ ਸ਼ਾਹੀਨ ਬਾਗ ਪ੍ਰਦਰਸ਼ਨ ‘ਤੇ ਇੱਕ ਡਾਕੂਮੈਂਟਰੀ ਵੀ ਬਣਾਈ, ਜਿਸ ਕਾਰਨ ਉਹ ਚਰਚਾ ਵਿੱਚ ਵੀ ਆਇਆ। ਪਰਿਵਾਰਕ ਮੈਂਬਰ ਮੁਤਾਬਕ ਉਹ ਦਲਿਤਾਂ ‘ਤੇ ਡਾਕੂਮੈਂਟਰੀ ਬਣਾਉਣ ਲਈ ਕੁਝ ਦਿਨ ਪਹਿਲਾਂ ਭਾਰਤ ਆਉਣ ਵਾਲਾ ਸੀ ਪਰ ਪੱਤਰਕਾਰ ਵਜੋਂ ਉਸ ਦੀ ਵੀਜ਼ਾ ਬੇਨਤੀ ਭਾਰਤ ਸਰਕਾਰ ਨੇ ਖਾਰਿਜ ਕਰ ਦਿੱਤੀ ਸੀ । ਹਾਲਾਂਕਿ ਇਸ ਵਾਰ ਉਹ ਪਰਿਵਾਰ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ।
ਅੰਗਦ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਦਾਅਵਾ ਕੀਤਾ ਕਿ ਉਸਦੀ ਪੁਰਸਕਾਰ ਜਿੱਤਣ ਵਾਲੀ ਪੱਤਰਕਾਰੀ ਤੋਂ ਡਰ ਕੇ ਅਜਿਹਾ ਕੀਤਾ ਗਿਆ ਹੈ। ਅੰਗਦ ਨੇ ਭਾਰਤ ਵਿੱਚ ਕੋਵਿਡ-19 ਮਹਾਮਾਰੀ ਅਤੇ ਰੱਦ ਕੀਤੇ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਡਾਕਿਊਮੈਂਟਰੀ ਦੀ ਲੜੀ ਬਣਾਈ ਸੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਦੌਰਾਨ ਜਾਨਲੇਵਾ ਡੈਲਟਾ ਲਹਿਰ ਦੀ ਕਵਰੇਜ਼ ਦੇ ਲਈ ਅੰਗਦ ਸਿੰਘ ਨੂੰ ਐਮੀ ਐਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਸੀ। ਦੱਸ ਦੇਈਏ ਕਿ ਐਮੀ ਅਮਰੀਕਾ ਵਿੱਚ ਟੈਲੀਵਿਜ਼ਨ ਦੇ ਖੇਤਰ ਵਿੱਚ ਕਲਾਤਮਕ ਅਤੇ ਤਕਨੀਕੀ ਯੋਗਤਾ ਦੇ ਲਈ ਦਿੱਤਾ ਜਾਣ ਵਾਲਾ ਇੱਕ ਐਵਾਰਡ ਹੈ।
ਵੀਡੀਓ ਲਈ ਕਲਿੱਕ ਕਰੋ -: