Uttar Pradesh car-truck collision: ਪ੍ਰਤਾਪਗੜ੍ਹ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ । ਜ਼ਿਲ੍ਹੇ ਦੇ ਵਾਜਿਦਪੁਰ ਵਿੱਚ ਸਵੇਰੇ 5 ਵਜੇ ਦੇ ਕਰੀਬ ਟਰੱਕ ਅਤੇ ਸਕਾਰਪਿਓ ਕਾਰ ਦੀ ਆਹਮਣੇ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ । ਇਸ ਟੱਕਰ ਵਿੱਚ ਇੱਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜ਼ਖਮੀ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮਾਰੇ ਗਏ ਲੋਕਾਂ ਵਿੱਚ 2 ਬੱਚਿਆਂ ਸਣੇ 3 ਜਨਾਨੀਆਂ ਅਤੇ 4 ਪੁਰਸ਼ਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਬੰਟੀ ਨਾਂ ਦਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੈ ।
ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਘਟਨਾ ਵਾਲੀ ਥਾਂ ‘ਤੇ ਪਹੁੰਚੀ । ਪੁਲਿਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਕਾਰ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ । ਇਸ ਸਬੰਧੀ ਪੁਲਿਸ ਸੁਪਰਡੈਂਟ ਪ੍ਰਤਾਪਗੜ ਪੀਆਈਓ ਤ੍ਰਿਲੋਕੀ ਪਾਂਡੇ ਨੇ ਦੱਸਿਆ ਕਿ ਨਵਾਬਗੰਜ ਥਾਣਾ ਖੇਤਰ ਦੇ ਪ੍ਰਤਾਪਗੜ ਦੇ ਵਜੀਦਪੁਰ ਵਿੱਚ ਇੱਕ ਟਰੱਕ ਅਤੇ ਇੱਕ ਸਕਾਰਪੀਓ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ । ਉਹ ਸਾਰੇ ਸਕਾਰਪੀਓ ਵਿੱਚ ਸਵਾਰ ਹੋ ਕੇ ਬਿਹਾਰ ਤੋਂ ਬਿਹਾਰ ਜਾ ਰਹੇ ਸਨ । ਪੁਲਿਸ ਅਨੁਸਾਰ ਇਹ ਲੋਕ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਹਨ । ਲਾਸ਼ਾਂ ਨੂੰ ਸਕਾਰਪੀਓ ਤੋਂ ਬਾਹਰ ਕੱਟ ਕੇ ਕੱਢਿਆ ਗਿਆ ਹੈ । ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਅੱਗੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖਮੀ ਨੂੰ ਇਲਾਜ ਲਈ ਰਾਏਬਰੇਲੀ ਭੇਜਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ । ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਭੋਜਪੁਰ ਤੋਂ ਰਵਾਨਾ ਹੋ ਚੁੱਕੇ ਹਨ । ਪਰਿਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਹੀ ਪੀੜਤਾਂ ਦੀ ਪਛਾਣ ਹੋਣਾ ਸੰਭਵ ਹੈ । ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਹਾਦਸੇ ‘ਤੇ ਸੋਗ ਜ਼ਾਹਰ ਕਰਦੇ ਹੋਏ ਜ਼ਖਮੀਆਂ ਦਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ । ਉਨ੍ਹਾਂ ਨੇ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕੀਤੀ ਹੈ ।