Uttarakhand CM Tirath Singh Rawat: ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਸੋਮਵਾਰ ਨੂੰ ਤੀਰਥ ਸਿੰਘ ਰਾਵਤ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।
ਤੀਰਥ ਸਿੰਘ ਰਾਵਤ ਨੇ ਟਵੀਟ ਕਰ ਕਿਹਾ, ‘ਮੇਰੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਠੀਕ ਹਾਂ ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਆਪਣੇ ਆਪ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਆਈਸੋਲੇਟ ਕਰ ਲਿਆ ਹੈ। ਤੁਹਾਡੇ ਵਿਚੋਂ ਜਿਹੜੇ ਲੋਕ ਪਿਛਲੇ ਦਿਨਾਂ ਵਿੱਚ ਮੇਰੇ ਨਾਲ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਸਾਵਧਾਨੀ ਵਰਤੋਂ ਅਤੇ ਆਪਣੀ ਜਾਂਚ ਕਰਵਾਓ।’ ਦੱਸ ਦੇਈਏ ਕਿ ਤੀਰਥ ਸਿੰਘ ਰਾਵਤ ਹਾਲ ਹੀ ਵਿੱਚ ਕੁੰਭ ਵਿੱਚ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਨਾਲ ਸੰਤਾਂ ਨਾਲ ਪੂਜਾ ਵਿੱਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਐਤਵਾਰ ਨੂੰ ਵੀ ਉਨ੍ਹਾਂ ਨੇ ਇੱਕ ਖੇਡ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।
ਗੌਰਤਲਬ ਹੈ ਕਿ ਉਤਰਾਖੰਡ ਵਿੱਚ ਇਨ੍ਹੀ ਦਿਨੀਂ ਕੁੰਭ ਦਾ ਆਯੋਜਨ ਹੋ ਰਿਹਾ ਹੈ। ਸ਼ਾਹੀ ਇਸ਼ਨਾਨ ਦੇ ਨਾਲ ਕੁੰਭ ਦੀ ਸ਼ੁਰੂਆਤ ਸੀ, ਪਰ ਇਸ ਦੌਰਾਨ ਦੇਸ਼ ਵਿੱਚ ਕੋਰੋਨਾ ਦਾ ਸੰਕਟ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਕੇਂਦਰੀ ਟੀਮ ਨੇ ਉਤਰਾਖੰਡ ਸਰਕਾਰ ਨੂੰ ਕੋਰੋਨਾ ਨਿਯਮਾਂ ਬਾਰੇ ਲਗਾਤਾਰ ਚੇਤਾਵਨੀ ਵੀ ਦਿੱਤੀ ਸੀ ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਤੀਰਥ ਸਿੰਘ ਰਾਵਤ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਫੈਸਲੇ ਵਿੱਚ ਕੁੰਭ ਵਿੱਚ ਆਉਣ ‘ਤੇ ਨਿਯਮਾਂ ਵਿੱਚ ਢਿੱਲ ਦਿੱਤੀ ਅਤੇ ਕੋਰੋਨਾ ਨੈਗੇਟਿਵ ਰਿਪੋਰਟ ਦੀ ਜਰੂਰਤ ਨੂੰ ਹਟਾ ਦਿੱਤਾ।