Uttarakhand government releases SOP: ਉਤਰਾਖੰਡ ਵਿੱਚ ਕੋਰੋਨਾ ਦੇ ਵੱਧ ਰਹੇ ਸੰਕ੍ਰਮਣ ਵਿਚਾਲੇ 14 ਮਈ ਤੋਂ ਸ਼ੁਰੂ ਹੋਣ ਵਾਲੀ ਚਾਰਧਾਮ ਯਾਤਰਾ ਲਈ ਰਾਜ ਸਰਕਾਰ ਵੱਲੋਂ ਐਸਓਪੀ ਜਾਰੀ ਕੀਤੀ ਗਈ ਹੈ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਾਂਮਾਰੀ ਦੀ ਰੋਕਥਾਮ ਲਈ ਇਸ ਵਾਰ ਚਾਰਧਾਮ ਯਾਤਰਾ ਵਿੱਚ ਆਮ ਲੋਕਾਂ ਦੇ ਆਉਣ ‘ਤੇ ਪਾਬੰਦੀ ਰਹੇਗੀ । ਮੰਦਿਰ ਵਿੱਚ ਨਾ ਤਾਂ ਪ੍ਰਸ਼ਾਦ ਵੰਡਣ ਦੀ ਆਗਿਆ ਦਿੱਤੀ ਜਾਏਗੀ ਅਤੇ ਨਾ ਹੀ ਟੀਕਾ ਲਗਾਉਣ ਦੀ । ਸਿਰਫ ਮੰਦਰ ਪ੍ਰਬੰਧਨ ਨਾਲ ਜੁੜੇ ਲੋਕਾਂ ਨੂੰ ਹੀ ਅਸਥਾਨ ‘ਤੇ ਜਾਣ ਦੀ ਆਗਿਆ ਹੋਵੇਗੀ । ਉਸ ਵਿੱਚ ਵੀ ਮੂਰਤੀਆਂ, ਘੰਟੀਆਂ ਜਾਂ ਧਾਰਮਿਕ ਗ੍ਰੰਥਾਂ ਨੂੰ ਛੂਹਣ ਦੀ ਵੀ ਆਗਿਆ ਨਹੀਂ ਹੋਵੇਗੀ। ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਚਾਰਧਾਮ ਯਾਤਰਾ ਲਈ ਆਮ ਯਾਤਰੀਆਂ ਦੀ ਛੋਟ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ । ਫਿਲਹਾਲ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ।
SOP ਅਨੁਸਾਰ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿੱਚ ਸਿਰਫ ਰਾਵਲ, ਪੁਜਾਰੀ ਅਤੇ ਮੰਦਿਰ ਨਾਲ ਜੁੜੇ ਸਥਾਨਕ ਅਧਿਕਾਰ ਹਾਕੁਕ ਧਾਰੀ, ਪਾਂਡਾ ਪੁਰੋਹਿਤ, ਕਰਮਚਾਰੀ ਅਤੇ ਅਧਿਕਾਰੀ ਹੀ ਜਾਣਗੇ। ਸਿਰਫ ਇਹ ਹੀ ਨਹੀਂ, ਸਭ ਦੀ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣਾ ਵੀ ਜ਼ਰੂਰੀ ਹੈ। ਦੱਸ ਦੇਈਏ ਕਿ ਉਤਰਾਖੰਡ ਵਿੱਚ ਸਥਿਤ ਚਾਰ ਧਾਮਾਂ ਵਿੱਚੋ ਯਮੁਨੋਤਰੀ ਦੇ ਕਪਾਟ 14 ਮਈ ਨੂੰ ਖੁੱਲ੍ਹ ਰਹੇ ਹਨ। ਇਸ ਤੋਂ ਇਲਾਵਾ 15 ਮਈ ਨੂੰ ਗੰਗੋਤਰੀ, 17 ਮਈ ਨੂੰ ਕੇਦਾਰਨਾਥ ਅਤੇ 18 ਮਈ ਨੂੰ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣਗੇ।
ਦੱਸ ਦੇਈਏ ਕਿ 2013 ਵਿੱਚ ਕੇਦਾਰਨਾਥ ਦੁਖਾਂਤ ਤੋਂ ਬਾਅਦ ਚਾਰ ਧਾਮ ਯਾਤਰਾ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਈ ਸੀ। ਪਿਛਲੇ ਸਾਲ ਕੋਵਿਡ ਦੇ ਕਾਰਨ ਯਾਤਰਾ ਵਿੱਚ ਫਰਕ ਪਿਆ ਸੀ ਅਤੇ ਇਸ ਸਾਲ ਫਿਰ ਤੋਂ ਯਾਤਰਾ ਕੋਵਿਡ ਨਾਲ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਪਹਿਲਾਂ ਸਾਲ 2019 ਵਿੱਚ ਲਗਭਗ 32 ਲੱਖ ਸ਼ਰਧਾਲੂਆਂ ਵੱਲੋਂ ਚਾਰ ਧਾਮ ਦੀ ਯਾਤਰਾ ਕੀਤੀ ਗਈ ਸੀ।