Vadodara Accident: ਗੁਜਰਾਤ ਦੇ ਵਡੋਦਰਾ ਦੇ ਨੇੜੇ ਬੁੱਧਵਾਰ ਤੜਕੇ 3 ਵਜੇ ਮਿੰਨੀ ਟਰੱਕ ਅਤੇ ਟਰਾਲੇ ਦੀ ਟੱਕਰ ਵਿੱਚ ਪੰਜ ਔਰਤਾਂ ਸਣੇ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 16 ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਕੁਝ ਦੀ ਹਾਲਤ ਬਹੁਤ ਗੰਭੀਰ ਹੈ। ਇਹ ਲੋਕ ਸੂਰਤ ਤੋਂ ਪਾਵਾਗੜ ਦਰਸ਼ਨ ਲਈ ਜਾ ਰਹੇ ਸਨ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਲੋਕਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ । ਮਰਨ ਵਾਲਿਆਂ ਵਿੱਚ ਤਿੰਨ ਮਾਂ ਅਤੇ ਉਨ੍ਹਾਂ ਦਾ ਇਕਲੌਤਾ ਪੁੱਤਰ ਸ਼ਾਮਿਲ ਹਨ। ਬੱਚਿਆਂ ਦੀ ਉਮਰ 8, 12 ਅਤੇ 15 ਸਾਲ ਸੀ। ਉੱਥੇ ਹੀ ਇੱਕ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਪਤੀ-ਪਤਨੀ, ਉਨ੍ਹਾਂ ਦਾ ਬੇਟਾ, ਧੀ ਅਤੇ ਚਚੇਰਾ ਭਰਾ ਸ਼ਾਮਿਲ ਹਨ।
ਦਰਅਸਲ, ਇਹ ਹਾਦਸਾ ਰਾਸ਼ਟਰੀ ਰਾਜਮਾਰਗ ‘ਤੇ ਵਘੋੜਿਆ ਚੌਕ ਨੇੜੇ ਵਾਪਰਿਆ । ਜ਼ਖਮੀਆਂ ਨੂੰ ਵਡੋਦਰਾ ਦੇ ਐਸਐਸਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਹਾਦਸੇ ਸਮੇਂ ਸਾਰੇ ਟਰੱਕ ਸਵਾਰ ਸੁੱਤੇ ਪਏ ਸਨ । ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਮਦਦ ਲਈ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ । ਦੱਸਿਆ ਜਾ ਰਿਹਾ ਹੈ ਕਿ ਉਹ ਸਾਰੇ ਸੂਰਤ ਦੇ ਵਰਾਛਾ ਅਤੇ ਪੂਨਾ ਇਲਾਕਿਆਂ ਦੇ ਵਸਨੀਕ ਸਨ।
ਇਸ ਸਬੰਧੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਟਵੀਟ ਕਰਕੇ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ । ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਆਰਤੀ ਖੋਡਾਭਾਈ ਜੀਂਜਾਲਾ (18), ਸੁਰੇਸ਼ ਜੇਠਾਭਾਈ ਜੀਂਜਾਲਾ (30), ਦਯਾ ਬਟੂਕਭਾਈ ਜੀਂਜਾਲਾ (35), ਹੰਸਾਬੇਨ ਖੋਡਾਭਾਈ ਜੀਂਜਾਲਾ (32), ਭੌਤਿਕ ਜੀਂਜਾਲਾ (15), ਸਚਿਨ ਅਰਸੀਭਾਈ ਬਾਲਦਾਨੀਆ (30), ਦਿਨੇਸ਼ ਧੁੱਦਾਭਾਈ ਬਦਲਾਣੀਆ (35), ਸੋਨਲਬੇਨ ਹੜੀਆ (35), ਭਵਿਆ ਬਿਜਲਭਾਈ ਹੜੀਆ (8), ਦਕਸ਼ਾ ਘਨਸ਼ਿਆਮ ਕਲਸਾਰਿਆ (35) ਅਤੇ ਪ੍ਰਿੰਸ ਘਨਸ਼ਿਆਮ ਕਲਸਾਰਿਆ (12) ਦੇ ਰੂਪ ਵਿੱਚ ਹੋਈ ਹੈ।