ਬੀ. ਜੀ. ਪੀ. ਦੀ ਰਾਸ਼ਟਰੀ ਕਾਰਜਕਾਰਨੀ ਤੋਂ ਇਸ ਹਫ਼ਤੇ ਬਾਹਰ ਕੀਤੇ ਗਏ ਸਾਂਸਦ ਵਰੁਣ ਗਾਂਧੀ ਨੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਉਸ ਬਿਆਨ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਖਾਲਿਸਤਾਨੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਵਰੁਣ ਗਾਂਧੀ ਲਖੀਮਪੁਰ ਹਿੰਸਾ ਨੂੰ ਲੈ ਕੇ ਸਰਕਾਰ ‘ਤੇ ਹਮਲਾਵਾਰ ਰਹੇ ਹਨ। ਉਨ੍ਹਾਂ ਇੱਕ ਵੀਡੀਓ ਸਾਂਝੀ ਕਰ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ ਸੀ।
ਇਸ ਦੇ ਨਾਲ ਹੀ ਇਸ ਮੁੱਦੇ ‘ਤੇ ਉਨ੍ਹਾਂ ਯੂ. ਪੀ. ਦੀ ਯੋਗੀ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਸੀ। ਜਿਸ ਤੋਂ ਬਾਅਦ ਵਰੁਣ ਗਾਂਧੀ ਨੇ ਅੱਜ ਇੱਕ ਵਾਰ ਫਿਰ ਟਵੀਟ ਕਰ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ, ਐਤਵਾਰ ਨੂੰ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਲਖੀਮਪੁਰ ਹਿੰਸਾ ਨੂੰ ਲੈ ਕੇ ਯੋਗੀ ਸਰਕਾਰ ‘ਤੇ ਹਮਲਾ ਬੋਲਿਆ ਹੈ।
ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਨੂੰ ਹਿੰਦੂ ਬਨਾਮ ਸਿੱਖ ਦੀ ਲੜਾਈ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਰੁਣ ਗਾਂਧੀ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਨਾ ਸਿਰਫ਼ ਅਨੈਤਿਕ ਅਤੇ ਝੂਠੀ ਹੈ ਬਲਕਿ ਉਨ੍ਹਾਂ ਜ਼ਖਮਾਂ ਨੂੰ ਮੁੜ ਖੁਰਚਣਾ ਬੇਹੱਦ ਖਤਰਨਾਕ ਹੈ, ਜਿਨ੍ਹਾਂ ਨੂੰ ਠੀਕ ਹੋਣ ਵਿਚ ਇਕ ਪੀੜ੍ਹੀ ਲੱਗ ਗਈ। ਉਨ੍ਹਾਂ ਕਿਹਾ ਕਿ ਸਾਨੂੰ ਰਾਜਨੀਤਿਕ ਲਾਭ ਨੂੰ ਰਾਸ਼ਟਰੀ ਏਕਤਾ ਤੋਂ ਉਪਰ ਨਹੀਂ ਰੱਖਣਾ ਚਾਹੀਦਾ ।
ਇਹ ਵੀ ਪੜ੍ਹੋ:ਪੰਜਾਬ ‘ਚ ਪੈਦਾ ਹੋਏ ਬਿਜਲੀ ਸੰਕਟ ‘ਤੇ ਸਿੱਧੂ ਦੀ ਚੰਨੀ ਸਰਕਾਰ ਨੂੰ ਦੋ-ਟੁੱਕ, ਟਵੀਟ ਕਰ ਦਿੱਤੀ ਇਹ ਨਸੀਹਤ
ਦੱਸ ਦੇਈਏ ਕਿ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਕ ਘਟਨਾ ਦੇ ਬਾਅਦ ਤੋਂ ਵਰੁਣ ਗਾਂਧੀ ਲਗਾਤਾਰ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕਰ ਰਹੇ ਹਨ। ਉਨ੍ਹਾਂ ਨੇ CM ਯੋਗੀ ਨੂੰ ਇੱਕ ਚਿੱਠੀ ਲਿਖ ਕੇ ਪੀੜਤ ਪਰਿਵਾਰਾਂ ਦੇ ਲਈ ਇਨਸਾਫ ਅਤੇ ਦੋਸ਼ੀਆਂ ਦੇ ਲਈ ਸਜ਼ਾ ਦੀ ਮੰਗ ਕਰ ਚੁੱਕੇ ਹਨ।
ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਸੀ ਕਿ ਇਸ ਹਿੰਸਾ ਵਿੱਚ ਮਾਸੂਮ ਕਿਸਾਨਾਂ ਦਾ ਖੂਨ ਵਹਿਆ ਹੈ ਉਸਦੀ ਜਵਾਬਦੇਹੀ ਤੈਅ ਹੋਣੀ ਹੀ ਚਾਹੀਦੀ ਹੈ ਤੇ ਨਿਆਂ ਮਿਲਣਾ ਹੀ ਚਾਹੀਦਾ ਹੈ।