Vc yogesh tyagi suspended: ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਤਿਆਗੀ ਨੂੰ ਰਾਸ਼ਟਰਪਤੀ ਦੇ ਆਦੇਸ਼ਾਂ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਯੋਗੇਸ਼ ਤਿਆਗੀ 2 ਜੁਲਾਈ ਨੂੰ ਐਮਰਜੈਂਸੀ ਡਾਕਟਰੀ ਹਾਲਤਾਂ ਵਿੱਚ ਏਮਜ਼ ਵਿੱਚ ਦਾਖਲ ਹੋਣ ਤੋਂ ਬਾਅਦ ਛੁੱਟੀ ‘ਤੇ ਹਨ। 17 ਜੁਲਾਈ ਨੂੰ, ਸਰਕਾਰ ਨੇ ਵਾਈਸ ਚਾਂਸਲਰ ਦਾ ਕਾਰਜਭਾਰ ਪੀ ਸੀ ਜੋਸ਼ੀ ਨੂੰ ਸੌਂਪਿਆ ਸੀ ਜਦ ਤੱਕ ਤਿਆਗੀ ਵਾਪਿਸ ਨਹੀਂ ਆ ਜਾਂਦੇ। ਇਹ ਵਿਵਾਦ ਪਿੱਛਲੇ ਹਫਤੇ ਵੀਰਵਾਰ ਨੂੰ ਉਸ ਸਮੇਂ ਭੜਕਿਆ ਜਦੋਂ ਤਿਆਗੀ ਨੇ ਜੋਸ਼ੀ ਨੂੰ ਉਪ-ਕੁਲਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦੀ ਥਾਂ ਯੂਨੀਵਰਸਿਟੀ ਦੇ ਨਾਨ-ਕਾਲਜੀਏਟ ਮਹਿਲਾ ਸਿੱਖਿਆ ਬੋਰਡ ਦੀ ਡਾਇਰੈਕਟਰ ਗੀਤਾ ਭੱਟ ਨੂੰ ਨਿਯੁਕਤ ਕਰ ਦਿੱਤਾ। ਇਸ ਦੌਰਾਨ ਜੋਸ਼ੀ ਨੇ ਨਵੇਂ ਰਜਿਸਟਰਾਰ ਵਿਕਾਸ ਗੁਪਤਾ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਦੀ ਇੰਟਰਵਿਊ ਪੂਰੀ ਹੋ ਚੁੱਕੀ ਸੀ ਅਤੇ ਉਨ੍ਹਾਂ ਦੀ ਨਿਯੁਕਤੀ ਨੂੰ ਵੀ ਬੁੱਧਵਾਰ ਨੂੰ ਕਾਰਜਕਾਰੀ ਕੌਂਸਲ ਨੇ ਮਨਜ਼ੂਰੀ ਦੇ ਦਿੱਤੀ ਸੀ। ਉਸੇ ਦਿਨ, ਤਿਆਗੀ ਨੇ ਪੀਸੀ ਝਾ ਨੂੰ ਕਾਰਜਕਾਰੀ ਰਜਿਸਟਰਾਰ ਅਤੇ ਸਾਊਥ ਕੈਂਪਸ ਦੇ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਫਿਰ ਮੰਤਰਾਲੇ ਨੇ ਕੁਲਪਤੀ ਅਤੇ ਉਪ-ਕੁਲਪਤੀ ਦੇ ਵਿਚਕਾਰ ਚੱਲ ਰਹੇ ਅਧਿਕਾਰਾਂ ਦੇ ਟਕਰਾਅ ਵਿੱਚ ਦਖਲ ਅੰਦਾਜ਼ੀ ਕਰਦਿਆਂ ਕਿਹਾ ਕਿ ਤਿਆਗੀ ਦੁਆਰਾ ਕੀਤੀਆਂ ਗਈਆਂ ਨਿਯੁਕਤੀਆਂ ‘ਜਾਇਜ਼’ ਨਹੀਂ ਹਨ ਕਿਉਂਕਿ ਉਹ ਛੁੱਟੀ ‘ਤੇ ਹਨ। ਅਧਿਕਾਰਾਂ ਦਾ ਟਕਰਾਅ ਉਦੋਂ ਹੋਰ ਵੱਧ ਗਿਆ ਜਦੋਂ ਝਾਅ ਨੇ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ‘ਕਾਰਜਕਾਰੀ ਰਜਿਸਟਰਾਰ’ ਹੈ ਕਿ ਤਿਆਗੀ ਦੁਆਰਾ ਲਏ ਸਾਰੇ ਫੈਸਲੇ ਯੂਨੀਵਰਸਿਟੀ ਦੇ ਨਿਯਮਾਂ ਦੇ ਅਨੁਸਾਰ ਸਨ। ਮੰਤਰਾਲੇ ਨੇ ਪੱਤਰ ਉੱਤੇ ਇਤਰਾਜ਼ ਜਤਾਉਂਦਿਆਂ ਯੂਨੀਵਰਸਿਟੀ ਨੂੰ ਝਾਅ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਦਰਅਸਲ, ਪਿੱਛਲੇ ਹਫ਼ਤੇ ਦਿੱਲੀ ਯੂਨੀਵਰਸਿਟੀ ਵਿੱਚ ਹੋਏ ਵਿਵਾਦ ਸਬੰਧੀ ਕੇਂਦਰੀ ਸਿੱਖਿਆ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਉਪ ਕੁਲਪਤੀ ਖਿਲਾਫ ਜਾਂਚ ਦੀ ਆਗਿਆ ਦੇਣ ਲਈ ਕਿਹਾ ਸੀ। ਮੰਗਲਵਾਰ ਰਾਤ ਨੂੰ, ਰਾਸ਼ਟਰਪਤੀ ਨੇ ਉਪ ਕੁਲਪਤੀ ਦੇ ਖਿਲਾਫ ਜਾਂਚ ਦੀ ਆਗਿਆ ਵੀ ਦੇ ਦਿੱਤੀ ਸੀ।