Vikas Dubey encounter: ਅੱਠ ਪੁਲਿਸ ਵਾਲਿਆਂ ਨੂੰ ਮਾਰਨ ਵਾਲਾ ਮਾਸਟਰਮਾਈਂਡ ਵਿਕਾਸ ਦੁਬੇ ਦਾ ਐਨਕਾਊਂਟਰ ਦਿੱਤਾ ਗਿਆ ਹੈ। ਮੁਕਾਬਲੇ ਵਿੱਚ ਗੰਭੀਰ ਰੂਪ ‘ਚ ਜ਼ਖਮੀ ਹੋਏ ਵਿਕਾਸ ਦੂਬੇ ਦੀ ਮੌਤ ਹੋ ਗਈ ਹੈ। ਇਸ ਮੁਕਾਬਲੇ ‘ਚ ਚਾਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਕਾਨਪੁਰ ਦੇ ਐਸਐਸਪੀ ਦਿਨੇਸ਼ ਕੁਮਾਰ ਨੇ ਐਨਕਾਊਂਟਰ ਦੀ ਪੁਸ਼ਟੀ ਕੀਤੀ ਹੈ। ਐਸਐਸਪੀ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਗੱਡੀ ਪਲਟ ਜਾਣ ਤੋਂ ਬਾਅਦ ਵਿਕਾਸ ਦੂਬੇ ਪੁਲਿਸ ਵਾਲਿਆਂ ਦੇ ਹਥਿਆਰ ਖੋਹ ਕੇ ਫਰਾਰ ਹੋ ਗਿਆ ਸੀ। ਉਸ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਸੀ, ਪਰ ਵਿਕਾਸ ਦੂਬੇ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਜਵਾਬੀ ਫਾਇਰਿੰਗ ‘ਚ ਉਸ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਾਨੂੰ ਫਾਇਰਿੰਗ ਦੀ ਆਵਾਜ਼ ਸੁਣਾਈ ਦਿੱਤੀ। ਗੱਡੀ ਦਾ ਐਕਸੀਡੈਂਟ ਨਹੀਂ ਹੋਇਆ ਸੀ। ਅਸੀਂ ਗੋਲੀ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਪੁਲਿਸ ਨੇ ਸਾਨੂੰ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਉਥੋਂ ਚਲੇ ਗਏ। ਅਸੀਂ ਗੋਲੀਬਾਰੀ ਦੀ ਆਵਾਜ਼ ਸੁਣੀ ਸੀ। ਵਿਕਾਸ ਦੂਬੇ ਦੇ ਮੁਕਾਬਲੇ ਬਾਰੇ ਕਾਨਪੁਰ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਜੈਨ ਤੋਂ 5 ਲੱਖ ਰੁਪਏ ਦੇ ਇਨਾਮ ਵਾਲੇ ਵਿਕਾਸ ਦੂਬੇ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਅਤੇ ਐਸਟੀਐਫ ਦੀ ਟੀਮ ਅੱਜ 10 ਜੁਲਾਈ ਉਸ ਨੂੰ ਕਾਨਪੁਰ ਸ਼ਹਿਰ ਲਿਆ ਰਹੀ ਸੀ। ਕਾਨਪੁਰ ਨਗਰ ਭੂੰਟੀ ਨੇੜੇ ਪੁਲਿਸ ਕਾਰ ਹਾਦਸਾਗ੍ਰਸਤ ਹੋ ਗਈ। ਵਿਕਾਸ ਦੂਬੇ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਕਾਨਪੁਰ ਪੁਲਿਸ ਅਨੁਸਾਰ ਇਸ ਦੌਰਾਨ ਵਿਕਾਸ ਦੂਬੇ ਨੇ ਜ਼ਖਮੀ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਦੁਆਰਾ ਪਿੱਛਾ ਕੀਤਾ ਗਿਆ, ਉਸਨੂੰ ਘੇਰ ਲਿਆ ਗਿਆ ਅਤੇ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਪਰ ਉਸਨੇ ਇਨਕਾਰ ਕਰ ਦਿੱਤਾ ਅਤੇ ਪੁਲਿਸ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ਲਈ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਵਿਕਾਸ ਦੂਬੇ ਜ਼ਖਮੀ ਹੋ ਗਿਆ। ਪੁਲਿਸ ਦੇ ਅਨੁਸਾਰ ਜ਼ਖਮੀ ਵਿਕਾਸ ਦੂਬੇ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ 5 ਲੱਖ ਦੀ ਇਨਾਮੀ ਰਾਸ਼ੀ ਵਾਲੇ ਵਿਕਾਸ ਦੂਬੇ ਦੀ ਇਲਾਜ ਦੌਰਾਨ ਮੌਤ ਹੋ ਗਈ। ਕਾਨਪੁਰ ਪੁਲਿਸ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਕੋਈ ਵੀ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਤੋਂ ਗੁਰੇਜ਼ ਕਰ ਰਿਹਾ ਹੈ।