Vikas Dubey encounter: ਕਾਨਪੁਰ: ਅਪਰਾਧੀ ਵਿਕਾਸ ਦੂਬੇ ਦੇ ਐਨਕਾਉਂਟਰ ਤੋਂ ਬਾਅਦ ਯੂਪੀ ਪੁਲਿਸ ਦੀ ਕਾਰਵਾਈ ਜਾਰੀ ਹੈ । ਵਿਕਾਸ ਦੁਬੇ ਅਤੇ ਉਸ ਦੇ ਗਿਰੋਹ ਨੂੰ ਪਨਾਹ ਦੇਣ ਵਾਲਿਆਂ ‘ਤੇ ਪੁਲਿਸ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ । ਇਸ ਤਰਤੀਬ ਵਿੱਚ ਯੂਪੀ ਪੁਲਿਸ ਨੇ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਰਹਿਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਇਲਜਾਮ ਇਹ ਹੈ ਕਿ ਇਸ ਘਟਨਾ ਵਿੱਚ ਉਨ੍ਹਾਂ ਨੇ ਵਿਕਾਸ ਦੂਬੇ ਦੇ 2 ਸਾਥੀਆਂ ਨੂੰ ਪਨਾਹ ਦਿੱਤੀ ਸੀ । ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਓਮ ਪ੍ਰਕਾਸ਼ ਪਾਂਡੇ ਅਤੇ ਅਨਿਲ ਪਾਂਡੇ ਮੁੱਖ ਹਨ। ਕਾਨਪੁਰ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਖ਼ਿਲਾਫ਼ ਕਾਨਪੁਰ ਵਿੱਚ ਕੇਸ ਦਰਜ ਹੈ ।
ਪੁਲਿਸ ਅਨੁਸਾਰ ਕਾਨਪੁਰ ਕਾਂਡ ਵਿੱਚ ਸ਼ਸ਼ੀਕਾਂਤ ਪਾਂਡੇ ਉਰਫ ਸੋਨੂੰ ਅਤੇ ਸ਼ਿਵਮ ਦੂਬੇ ਨੂੰ ਓਮ ਪ੍ਰਕਾਸ਼ ਪਾਂਡੇ ਨਿਵਾਸੀ ਭਗਤ ਸਿੰਘ ਨਗਰ, ਪੁਰਾਣੇ ਮੰਦਰ ਨੇੜੇ, ਥਾਣਾ ਗੋਲਾ ਮੰਦਿਰ, ਗਵਾਲੀਅਰ ਅਤੇ ਅਨਿਲ ਪਾਂਡੇ ਨਿਵਾਸੀ ਸਾਗਰ ਤਾਲ, ਸਰਕਾਰੀ ਮਲਟੀ ਥਾਣਾ ਗੋਰਖਪੁਰ, ਗਵਾਲੀਅਰ ਨੇ ਆਪਣੇ ਘਰ ਲੁਕਾਇਆ ਸੀ। ਦੋਵਾਂ ਖਿਲਾਫ ਕਾਨਪੁਰ ਸ਼ਹਿਰ ਦੇ ਚੌਬੇਪੁਰ ਥਾਣੇ ਵਿੱਚ ਕੇਸ ਦਰਜ ਹੈ। ਗ੍ਰਿਫਤਾਰ ਕਰਨ ਵਾਲੀ ਟੀਮ ਵਿੱਚ ਐਸਆਈ ਅਜ਼ਹਰ ਇਸਰਤ, ਹੈੱਡ ਕਾਂਸਟੇਬਲ ਸੰਜੇ, ਕਾਂਸਟੇਬਲ ਪ੍ਰਕਾਸ਼ ਅਤੇ ਕਾਂਸਟੇਬਲ ਚੰਦਨ ਸ਼ਾਮਿਲ ਹਨ।
ਦੱਸ ਦੇਈਏ ਕਿ ਫਿਲਹਾਲ ਪੁਲਿਸ ਨੇ ਮੁਕਾਬਲੇ ਵਿੱਚ ਵਿਕਾਸ ਦੂਬੇ ਸਮੇਤ 6 ਲੋਕਾਂ ਨੂੰ ਮਾਰਿਆ ਹੈ, ਜਦਕਿ 3 ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਬਿੱਕਰੂ ਕਾਂਡ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ 21 ਮੁਲਜ਼ਮ ਨਾਮਜ਼ਦ ਕੀਤੇ ਗਏ ਸਨ, ਜਦੋਂਕਿ 60 ਤੋਂ 70 ਹੋਰ ਮੁਲਜ਼ਮ ਵੀ ਪੁਲਿਸ ਦੇ ਰਾਡਾਰ ’ਤੇ ਹਨ । ਉਨ੍ਹਾਂ ਕਿਹਾ ਕਿ ਵਿਕਾਸ ਦੂਬੇ ਸਮੇਤ 6 ਨਾਮਜ਼ਦ ਮੁਲਜ਼ਮ ਮਾਰੇ ਗਏ ਹਨ, ਜਦਕਿ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਏਡੀਜੀ ਨੇ ਕਿਹਾ ਕਿ 21 ਵਿੱਚੋਂ 12 ਅਪਰਾਧੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਇਸ ਦੇ ਨਾਲ ਹੀ ਇਸ ਕੇਸ ਦੇ 8 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।