Vikas Dubey Postmortem Report: ਕਾਨਪੁਰ: 10 ਜੁਲਾਈ ਦੀ ਸਵੇਰ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਵਿਕਾਸ ਦੂਬੇ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ । ਇਸ ਅਨੁਸਾਰ ਗੱਡੀ ਪਲਟਨ ਤੋਂ ਬਾਅਦ ਵਿਕਾਸ ਦੂਬੇ ਨੇ ਭੱਜਣ ਦੀ ਕੋਸ਼ਿਸ਼ ਵਿੱਚ ਐਸਟੀਐਫ ਦਾ ਸਾਹਮਣਾ ਕੀਤਾ ਸੀ । ਇਸ ਮੁੱਠਭੇੜ ਵਿੱਚ ਤਿੰਨ ਗੋਲੀਆਂ ਵਿਕਾਸ ਦੂਬੇ ਦੇ ਸਰੀਰ ਵਿੱਚੋਂ ਆਰ-ਪਾਰ ਹੋ ਗਈਆਂ ਸੀ। ਰਿਪੋਰਟ ਵਿੱਚ ਵਿਕਾਸ ਦੁਬੇ ਦੇ ਸਰੀਰ ‘ਤੇ 10 ਜ਼ਖ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 6 ਗੋਲੀਆਂ ਦੇ ਹਨ, ਜਦੋਂ ਕਿ ਬਾਕੀ ਚਾਰ ਦੌੜਦੇ ਸਮੇਂ ਡਿੱਗਣ ਕਾਰਨ ਹੋ ਸਕਦੇ ਹਨ।
ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਵਿਕਾਸ ਦੁਬੇ ਦੇ ਸੱਜੇ ਮੋਢੇ ਅਤੇ ਛਾਤੀ ਦੇ ਖੱਬੇ ਪਾਸਿਓਂ ਦੋ ਗੋਲੀਆਂ ਲੰਘੀਆਂ ਸਨ। ਇਸ ਤੋਂ ਇਲਾਵਾ ਤਿੰਨ ਗੋਲੀਆਂ ਦੇ ਐਂਟਰੀ ਪੁਆਇੰਟ ਵੀ ਮਿਲੇ ਹਨ । ਲਿਹਾਜ਼ਾ ਵਿਕਾਸ ਦੂਬੇ ਨੂੰ ਐਨਕਾਊਂਟਰ ਵਿੱਚ 6 ਗੋਲੀਆਂ ਲੱਗੀਆਂ ਸਨ। ਹਾਲਾਂਕਿ, ਰਿਪੋਰਟ ਵਿੱਚ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਗੋਲੀ ਕਿੰਨੀ ਦੂਰੀ ਤੋਂ ਮਾਰੀ ਗਈ ਹੈ, ਪਰ ਪੋਸਟਮਾਰਟਮ ਤੋਂ ਇੱਕ ਗੱਲ ਸਾਫ ਹੈ ਕਿ ਉਸਨੇ ਐਸਟੀਐਫ ਨਾਲ ਮੁਕਾਬਲਾ ਕੀਤਾ ਸੀ, ਕਿਉਂਕਿ ਸਾਰੀਆਂ ਗੋਲੀਆਂ ਦਾ ਐਂਟਰੀ ਪੁਆਇੰਟ ਸਾਹਮਣੇ ਤੋਂ ਹੈ । ਇਸ ਤੋਂ ਇਲਾਵਾ ਇਹ ਕਿਹਾ ਜਾ ਰਿਹਾ ਹੈ ਕਿ ਬਚਣ ਦੌਰਾਨ ਡਿੱਗਣ ਕਾਰਨ ਜ਼ਖ਼ਮ ਹੋਇਆ ਹੈ ।
ਪੋਸਟ ਮਾਰਟਮ ਦੀ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਗੋਲੀ ਲੱਗਣ ਤੋਂ ਬਾਅਦ ਹੈਮਰੇਜ ਅਤੇ ਸਦਮਾ ਦੱਸਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਗੋਲੀਆਂ ਨਾਲ ਲੱਗੀ ਸੱਟ ਮੌਤ ਲਈ ਕਾਫ਼ੀ ਸੀ। ਜ਼ਿਕਰਯੋਗ ਹੈ ਕਿ ਉਜੈਨ ਤੋਂ ਗ੍ਰਿਫਤਾਰੀ ਤੋਂ ਬਾਅਦ ਕਾਨਪੁਰ ਲਿਆਉਣ ਸਮੇਂ ਵਿਕਾਸ ਦੂਬੇ ਨੂੰ ਐਸਟੀਐਫ ਨੇ ਭੋਤੀ ਹਾਈਵੇ ‘ਤੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਵਿਕਾਸ ਦੂਬੇ ਦੇ ਮੁਕਾਬਲੇ ਬਾਰੇ ਵੀ ਸਵਾਲ ਖੜੇ ਕੀਤੇ ਗਏ ਸਨ ਅਤੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ ।