Weather forecast mercury: ਦੇਸ਼ ਦੇ ਪਹਾੜੀ ਰਾਜਾਂ ਵਿੱਚ ਜਿੱਥੇ ਬਰਫਬਾਰੀ ਦਾ ਦੌਰ ਜਾਰੀ ਹੈ ਤਾਂ ਉੱਥੇ ਹੀ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਨਾਲ ਠੰਡ ਵੱਧ ਗਈ ਹੈ। ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਬਹੁਤੇ ਰਾਜਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿੱਚ ਹੋਰ ਠੰਡ ਵਧਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜ ਕਾਰਨ ਉੱਤਰੀ ਖੇਤਰ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ । ਜਦੋਂ ਕਿ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਕਸ਼ਮੀਰ ਘਾਟੀ ਦੇ ਉਚਾਈ ਵਾਲੇ ਸਥਾਨਾਂ ‘ਤੇ ਬਰਫਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ । ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਕੇਂਦਰੀ ਅਤੇ ਪੱਛਮੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2-4 ਡਿਗਰੀ ਸੈਲਸੀਅਸ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਦਰਅਸਲ, ਦਿੱਲੀ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਥੋੜ੍ਹਾ ਹੇਠਾਂ ਚਲਾ ਗਿਆ ਹੈ । ਜਿਸ ਨਾਲ ਠੰਡ ਵਿੱਚ ਮਹਿਸੂਸ ਹੋ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਧੁੰਦ ਤੋਂ ਕੁਝ ਰਾਹਤ ਮਿਲਣ ਤੋਂ ਬਾਅਦ ਅਗਲੇ ਦੋ ਦਿਨਾਂ ਵਿੱਚ ਦਰਮਿਆਨੀ ਤੋਂ ਕਾਫ਼ੀ ਸੰਘਣੀ ਧੁੰਦ ਰਹਿਣ ਦੀ ਉਮੀਦ ਹੈ । ਦੱਸ ਦੇਈਏ ਕਿ ਐਤਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਜਦੋਂਕਿ ਸੋਮਵਾਰ ਨੂੰ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਹਲਕੀ ਬਾਰਿਸ਼ ਪੈਣ ਕਾਰਨ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਕੁਝ ਸੁਧਾਰ ਹੋਇਆ ਹੈ । CPCB ਅਨੁਸਾਰ ਐਤਵਾਰ ਨੂੰ ਰਾਜਧਾਨੀ ਦਾ ਔਸਤਨ ਏਅਰ ਕੁਆਲਟੀ ਇੰਡੈਕਸ (AQI) 305 ਰਿਹਾ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਹੋਈ। ਮਨਾਲੀ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ । ਸ਼ਿਮਲਾ ਦੇ ਮੌਸਮ ਕੇਂਦਰ ਦੇ ਅਨੁਸਾਰ, ਲਾਹੌਲ-ਸਪੀਤੀ ਦਾ ਕੀਲਾਂਗ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ ਤੋਂ ਨੀਚੇ 10.7 ਡਿਗਰੀ ਸੈਲਸੀਅਸ ਸੀ। ਜਦੋਂਕਿ ਡਲਹੌਜ਼ੀ ਅਤੇ ਕੁਫਰੀ ਵਿੱਚ ਘੱਟੋ-ਘੱਟ ਤਾਪਮਾਨ 2.1 ਡਿਗਰੀ ਸੈਲਸੀਅਸ ਰਿਹਾ।