Weather Forecast Monsoon 2020: ਭਾਰਤ ਦੇ ਦੱਖਣੀ ਹਿੱਸੇ ਵਿੱਚ ਆਗਮਨ ਦੇ ਨਾਲ ਹੀ ਮਾਨਸੂਨ ਨੇ ਜ਼ੋਰ ਫੜ ਲਿਆ ਹੈ । ਇਹ ਚੇੱਨਈ, ਚਿਤੂਰ, ਤੁਮੁਕੁਰੁ, ਸ਼ਿਮੋਗਾ, ਕਰਵਾਰ ਨੂੰ ਪਾਰ ਕਰ ਚੁੱਕਿਆ ਹੈ । ਅਗਲੇ 48 ਘੰਟਿਆਂ ਵਿੱਚ ਮਾਨਸੂਨ ਮਹਾਂਰਾਸ਼ਟਰ, ਗੋਆ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਦਸਤਕ ਦੇ ਸਕਦਾ ਹੈ । ਇੱਥੇ, ਬੰਗਾਲ ਦੀ ਖਾੜੀ ਦੇ ਉੱਪਰ ਘੱਟ ਦਬਾਅ ਵਾਲੇ ਖੇਤਰ ਦੇ ਕਾਰਨ ਚੱਕਰਵਾਤੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਬੰਗਾਲ ਦੀ ਖਾੜੀ ਵਿੱਚ ਦਬਾਅ ਵਾਲਾ ਖੇਤਰ ਮਾਨਸੂਨ ਨੂੰ ਵਧੇਰੇ ਗਤੀ ਦੇਵੇਗਾ ਅਤੇ ਇਹ ਤੇਜ਼ੀ ਨਾਲ ਅੱਗੇ ਵਧੇਗਾ । ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ ‘ਤੇ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ ।ਇਸ ਨਾਲ ਮਾਨਸੂਨ ਨੂੰ ਮਿਲਣ ਵਾਲੀ ਗਤੀ ਕਾਰਨ ਅਗਲੇ 24 ਘੰਟਿਆਂ ਦੌਰਾਨ ਅਰਬ ਸਾਗਰ ਦੇ ਮੱਧ ਵਿੱਚ ਮਹਾਂਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ, ਕਰਨਾਟਕ ਅਤੇ ਰਿਆਲਸੀਮਾ ਦੇ ਕੁਝ ਇਲਾਕਿਆਂ ਵਿੱਚ, ਤਾਮਿਲਨਾਡੂ ਦੇ ਬਾਕੀ ਹਿੱਸਿਆਂ ਵਿੱਚ, ਉੜੀਸਾ, ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਉੱਤਰੀ ਕੋਂਕਣ ਅਤੇ ਕੇਰਲ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।
ਇਸ ਤੋਂ ਇਲਾਵਾ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦੇ ਕਾਰਨ ਛੱਤੀਸਗੜ ਅਤੇ ਦੱਖਣੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ 12 ਜੂਨ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਅਨੁਸਾਰ ਪੂਰਬੀ-ਕੇਂਦਰੀ ਬੰਗਾਲ ਦੀ ਖਾੜੀ, ਦੱਖਣ-ਪੱਛਮ ਅਤੇ ਪੱਛਮੀ-ਕੇਂਦਰੀ ਅਰਬ ਸਾਗਰ ਅਤੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ । ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਦੇ ਮਛੇਰਿਆਂ ਨੂੰ ਦੂਰ ਰਹਿਣ ਅਤੇ ਸਮੁੰਦਰ ਵਿੱਚ ਦਾਖਲ ਨਾ ਹੋਣ ਦੀ ਹਦਾਇਤ ਕੀਤੀ ਹੈ ।
ਮੌਸਮ ਵਿਭਾਗ ਅਨੁਸਾਰ 10 ਜੂਨ ਤੋਂ ਉੱਤਰ ਭਾਰਤ ਦੇ ਰਾਜਾਂ ਵਿੱਚ ਮੌਸਮ ਬਦਲ ਜਾਵੇਗਾ ਅਤੇ 13 ਜੂਨ ਤੱਕ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ । ਉੱਤਰ ਪ੍ਰਦੇਸ਼ ਨੂੰ ਬਾਰਿਸ਼ ਲਈ ਦੋ ਦਿਨ ਇੰਤਜ਼ਾਰ ਕਰਨਾ ਪਏਗਾ। ਇੱਥੇ 12 ਜੂਨ ਤੋਂ 14 ਜੂਨ ਦੇ ਵਿਚਕਾਰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ. ਰਾਜਸਥਾਨ ਵਿੱਚ ਪਾਰਾ ਵੱਧ ਸਕਦਾ ਹੈ । ਅਨੁਮਾਨਾਂ ਅਨੁਸਾਰ ਇੱਥੇ ਕੁਝ ਇਲਾਕਿਆਂ ਵਿੱਚ ਤਾਪਮਾਨ 43 ਡਿਗਰੀ ਤੱਕ ਪਹੁੰਚ ਸਕਦਾ ਹੈ।
ਦੱਸ ਦੇਈਏ ਕਿ ਇਸ ਹਫਤੇ ਮਾਨਸੂਨ ਉੜੀਸਾ, ਛੱਤੀਸਗੜ, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿੱਚ ਦਸਤਕ ਦੇ ਸਕਦਾ ਹੈ । ਅਗਲੇ ਦੋ ਤਿੰਨ ਦਿਨਾਂ ਵਿੱਚ ਮਹਾਰਾਸ਼ਟਰ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ । ਗੁਜਰਾਤ ਵਿੱਚ ਹਫ਼ਤੇ ਦੇ ਅੰਤ ਤੱਕ ਮਾਨਸੂਨ ਦਸਤਕ ਦੇ ਸਕਦਾ ਹੈ । ਮਾਨਸੂਨ ਦਾ ਪ੍ਰਭਾਵ ਗੰਗਾ ਦੇ ਖੇਤਰ ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਵਿੱਚ 14 ਜੂਨ ਤੱਕ ਵੇਖਿਆ ਜਾ ਸਕਦਾ ਹੈ । ਅਨੁਮਾਨਾਂ ਅਨੁਸਾਰ ਮਾਨਸੂਨ ਇਨ੍ਹਾਂ ਰਾਜਾਂ ਵਿੱਚ ਇਸ ਹਫ਼ਤੇ ਵੀ ਆ ਸਕਦਾ ਹੈ । ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਤੱਟਵਰਤੀ ਇਲਾਕਿਆਂ ਵਿੱਚ 13 ਜੂਨ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।