Weather Update: ਨਵੀਂ ਦਿੱਲੀ: ਦੇਸ਼ ਦੇ ਉੱਤਰੀ ਹਿੱਸੇ ਵਿੱਚ ਠੰਡ ਅਤੇ ਧੁੰਦ ਦਾ ਅਸਰ ਲਗਾਤਾਰ ਜਾਰੀ ਹੈ। ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਗਈ ਹੈ। ਠੰਡੀਆਂ ਹਵਾਵਾਂ ਨੇ ਠੰਡ ਵਿੱਚ ਵਾਧਾ ਕਰ ਦਿੱਤਾ ਹੈ । ਇਸ ਦੌਰਾਨ ਭਾਰਤ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਫਗਾਨਿਸਤਾਨ ਦੇ ਉੱਪਰ ਪੱਛਮੀ ਗੜਬੜ ਪੈਦਾ ਹੋ ਗਈ ਹੈ। ਇਸ ਦਾ ਸਿੱਧਾ ਅਸਰ ਭਾਰਤ ਦੇ ਹਿਮਾਲਿਆਈ ਖੇਤਰ ਅਤੇ ਮੈਦਾਨੀ ਇਲਾਕਿਆਂ ‘ਤੇ ਪੈ ਰਿਹਾ ਹੈ । ਅਜਿਹੀ ਸਥਿਤੀ ਵਿੱਚ IMD ਨੇ ਅੱਜ ਦਿੱਲੀ-ਯੂਪੀ ਸਣੇ ਕੁਝ ਹੋਰ ਰਾਜਾਂ ਵਿੱਚ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੱਛਮੀ ਹਿਮਾਲਿਆਈ ਖੇਤਰ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਅਸਮਾਨ ‘ਤੇ ਸੰਘਣੇ ਬੱਦਲ ਛਾਏ ਹੋਏ ਹਨ। ਅਜਿਹੀ ਸਥਿਤੀ ਵਿੱਚ ਵੀਰਵਾਰ ਸਵੇਰੇ ਇਨ੍ਹਾਂ ਥਾਵਾਂ ‘ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਇਸ ਦੌਰਾਨ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਮੋਦੀਨਗਰ, ਮੇਰਠ, ਨੂਹ, ਸੋਹਨਾ, ਪਲਵਲ, ਫਰੀਦਾਬਾਦ, ਮਾਨੇਸਰ, ਗੁਰੂਗਰਾਮ, ਬੁਲੰਦਸ਼ਹਿਰ, ਹਸਤਿਨਾਪੁਰ, ਚਾਂਦਪੁਰ, ਅਮਰੋਹਾ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ, ਭਰਤਪੁਰ, ਮਥੁਰਾ, ਏਟਾ, ਹਾਥਰਸ ਵਿੱਚ ਬਾਰਿਸ਼ ਹੋਣ ਦੇ ਆਸਾਰ ਹਨ।
ਆਈਐਮਡੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਕੁਝ ਹਿੱਸਿਆਂ ਵਿੱਚ 4 ਫਰਵਰੀ ਨੂੰ ਹੋਰ ਬਰਫਬਾਰੀ ਅਤੇ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜ ਅਤੇ ਬੰਗਾਲ ਦੀ ਖਾੜੀ ਦੀਆਂ ਤੇਜ਼ ਹਵਾਵਾਂ ਕਾਰਨ 4 ਫਰਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰੀ ਰਾਜਸਥਾਨ, ਉੱਤਰ ਪੱਛਮੀ ਮੱਧ ਪ੍ਰਦੇਸ਼, ਪੱਛਮੀ ਯੂਪੀ ਅਤੇ ਦਿੱਲੀ ਵਿੱਚ ਤੇਜ਼ ਬਾਰਿਸ਼ ਹੋ ਸਕਦੀ ਹੈ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਜੰਮੂ-ਕਸ਼ਮੀਰ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਲਗਾਤਾਰ ਸ਼ਿਮਲਾ, ਮਨਾਲੀ ਤੇ ਸ੍ਰੀਨਗਰ ਜਾ ਰਹੇ ਹਨ । ਮੌਸਮ ਵਿਭਾਗ ਅਨੁਸਾਰ ਹਲਕੀ ਗਰਜ ਨਾਲ ਦਿੱਲੀ, ਨੌਇਡਾ, ਗ਼ਾਜ਼ੀਆਬਾਦ, ਮੋਦੀਨਗਰ ਸਮੇਤ ਮੇਰਠ, ਹਾਪੁੜ, ਖਤੌਲੀ, ਬਿਜਨੌਰ, ਮੁਜ਼ੱਫ਼ਰਨਗਰ, ਗੰਨੌਰ, ਨੂੰਹ, ਸੋਹਾਣਾ ਖੇਤਰ ਵਿੱਚ ਬਾਰਿਸ਼ ਪਵੇਗੀ ।