West bengal election 2021 bjp : ਭਾਜਪਾ ਨੇ ਅੱਜ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ 148 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਅਜਿਹੇ ਉਮੀਦਵਾਰ ਦਾ ਨਾਮ ਵੀ ਹੈ, ਜਿਸ ਨੇ ਚੋਣ ਲੜਨ ਤੋਂ ਹੀ ਇਨਕਾਰ ਕਰ ਦਿੱਤਾ ਹੈ। ਭਾਜਪਾ ਨੇ ਸਾਬਕਾ ਕਾਂਗਰਸੀ ਨੇਤਾ ਸਵਰਗੀ ਸੋਮੈਨ ਮਿੱਤਰਾ ਦੀ ਪਤਨੀ ਸ਼ਿਖਾ ਮਿੱਤਰਾ ਨੂੰ ਨਾਮਜ਼ਦ ਕੀਤਾ ਹੈ। ਸ਼ਿਖਾ ਮਿੱਤਰਾ ਨੇ ਕਿਹਾ ਹੈ ਕਿ ਮੈਂ ਭਾਜਪਾ ਦੀ ਟਿਕਟ ‘ਤੇ ਚੋਣ ਨਹੀਂ ਲੜਨਾ ਚਾਹੁੰਦੀ। ਇਹ ਐਲਾਨ ਮੈਨੂੰ ਦੱਸੇ ਬਿਨਾਂ ਕੀਤਾ ਗਿਆ ਹੈ। ਇਹ ਬੇਇਨਸਾਫੀ ਹੈ। ਮੈਂ ਭਾਜਪਾ ਵਿੱਚ ਨਹੀਂ ਜਾਵਾਂਗੀ। ਭਾਜਪਾ ਨੇ ਕੋਲਕਾਤਾ ਦੇ ਚੌਰੰਗੀ ਤੋਂ ਸ਼ਿਖਾ ਮਿੱਤਰਾ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਨੇ ਆਪਣੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਨੂੰ ਵੀ ਖਤਮ ਕਰ ਦਿੱਤਾ ਹੈ। ਉਨ੍ਹਾਂ ਦੀ ਭਾਜਪਾ ਨੇਤਾ ਅਤੇ ਪਰਿਵਾਰਕ ਦੋਸਤ ਸ਼ੁਭੇਂਦੂ ਅਧਿਕਾਰੀ ਨਾਲ ਮੁਲਾਕਾਤ ਤੋਂ ਬਾਅਦ ਤੋਂ ਹੀ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਸੀ।
ਪੱਛਮੀ ਬੰਗਾਲ ਵਿੱਚ 294 ਵਿਧਾਨ ਸਭਾ ਸੀਟਾਂ ‘ਤੇ 27 ਮਾਰਚ ਤੋਂ 29 ਅਪ੍ਰੈਲ ਤੱਕ ਅੱਠ ਪੜਾਵਾਂ ਵਿੱਚ ਵੋਟਾਂ ਪਾਈਆਂ ਜਾਣੀਆਂ ਹਨ। ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਵਜੋਂ ਉੱਭਰੀ ਹੈ। ਭਾਜਪਾ ਇਨ੍ਹਾਂ ਚੋਣਾਂ ਵਿੱਚ ਆਪਣੀ ਸਾਰੀ ਤਾਕਤ ਲਗਾ ਰਹੀ ਹੈ। ਪਰ ਹੁਣ ਉਸ ਨੂੰ ਇਸ ਮਿਸ਼ਨ ਵਿੱਚ ਭਾਜਪਾ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਦਾ ਆਪਸ ਵਿੱਚ ਹੀ ਸਭ ਤੋਂ ਵੱਡਾ ਦੰਗਲ ਸ਼ੁਰੂ ਹੋ ਗਿਆ ਹੈ। ਭਾਜਪਾ ਵਰਕਰ ਬਾਹਰੀ ਲੋਕਾਂ ਜਾਂ ਸਿਤਾਰਿਆਂ ਨੂੰ ਚੋਣ ਟਿਕਟਾਂ ਮਿਲਣ ਤੋਂ ਨਾਰਾਜ਼ ਹਨ ਅਤੇ ਬੰਗਾਲ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕੇ ਹੁਣ ਭਾਜਪਾ ਦੇ ਵਰਕਰ ਹੀ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ।