West bengal election 2021 mamta : ਪੱਛਮੀ ਬੰਗਾਲ ਸਮੇਤ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਪੱਛਮੀ ਬੰਗਾਲ ਵਿੱਚ ਅੱਜ ਯਾਨੀ ਕਿ ਮੰਗਲਵਾਰ ਨੂੰ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ । ਅੱਜ ਬੰਗਾਲ ਵਿੱਚ ਅੱਜ ਕੁੱਲ 31 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਦੋਸ਼ਾਂ ਅਤੇ ਵਿਰੋਧਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਸੀ। ਬੰਗਾਲ ‘ਚ ਵੋਟਿੰਗ ਦੌਰਾਨ ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਵੀ ਆਈਆਂ ਹਨ। ਅਰਮਾਂਬਾਗ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਸੁਜਾਤਾ ਮੰਡਲ ਨੇ ਬੀਜੇਪੀ ‘ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਇੱਕ ਪੋਲਿੰਗ ਸਟੇਸ਼ਨ ਨੇੜੇ ਉਸ ਦੇ ਸਿਰ ‘ਚ ਸੱਟ ਮਾਰੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ‘ਤੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਅਲੀਪੁਰਦੁਆਰ ਜ਼ਿਲ੍ਹੇ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਕਿਹਾ ਕਿ ਉਹ “ਡਰਾਉਣ ਧਮਕਾਉਣ ਦੇ ਅਜਿਹੀਆਂ ਚਾਲਾਂ” ਤੋਂ ਘਬਰਾਏਗੀ ਨਹੀਂ।
ਉਨ੍ਹਾਂ ਕਿਹਾ, “ਜਦੋਂ ਉਮੀਦਵਾਰ ਪੋਲਿੰਗ ਸਟੇਸ਼ਨ ਪਹੁੰਚੀ ਤਾਂ ਉਨ੍ਹਾਂ (ਭਾਜਪਾ ਵਰਕਰਾਂ) ਨੇ ਉਸ ਨੂੰ ਗੰਭੀਰ ਸੱਟ ਮਾਰੀ। ਉਨ੍ਹਾਂ ਨੇ ਖਾਨਾਕੂਲ ਵਿੱਚ ਇੱਕ ਹੋਰ ਉਮੀਦਵਾਰ ‘ਤੇ ਵੀ ਹਮਲਾ ਕੀਤਾ। ਕੈਨਿੰਗ ਈਸਟ ਵਿੱਚ, ਸੁਰੱਖਿਆ ਬਲਾਂ ਨੇ ਸਾਡੇ ਉਮੀਦਵਾਰ ਸ਼ੌਕਤ ਮੂਲਾ ਨੂੰ ਇੱਕ ਪੋਲਿੰਗ ਸਟੇਸ਼ਨ ਵਿੱਚ ਦਾਖਲ ਨਹੀਂ ਹੋਣ ਦਿੱਤਾ। ਸੂਬੇ ਭਰ ਵਿੱਚ ਸਾਡੇ ਉਮੀਦਵਾਰਾਂ, ਪਾਰਟੀ ਵਰਕਰਾਂ ‘ਤੇ ਹਮਲਿਆਂ ਦੀਆਂ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ।” ਮੁੱਖ ਮੰਤਰੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਰੈਲੀਆਂ ਵਿੱਚ ‘ਥੋੜ੍ਹੇ ਲੋਕ’ ਆਉਣ ਤੋਂ ਬਾਅਦ ਉਨ੍ਹਾਂ ਦੀ ਦਿੱਲੀ ਵਿੱਚ ਲੀਡਰਸ਼ਿਪ ਮੌਜੂਦ ਨੇ ਡੂੰਘੀ ਸਾਜ਼ਿਸ਼ ਘੜੀ। ਉਨ੍ਹਾਂ ਕਿਹਾ, “ਸੁਰੱਖਿਆ ਬਲਾਂ ਨੂੰ ਪੋਲਿੰਗ ਸਟੇਸ਼ਨ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾ ਰੋਕਣ ਲਈ ਕਿਹਾ ਗਿਆ ਹੈ। ਤੁਸੀਂ (ਭਾਜਪਾ) ਅਜਿਹੀਆਂ ਗਤੀਵਿਧੀਆਂ ਨਾਲ ਸਾਨੂੰ ਡਰਾ ਨਹੀਂ ਸਕਦੇ।”