West Bengal minister Jakir Hossain: ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਨਿਮਟੀਟਾ ਰੇਲਵੇ ਸਟੇਸ਼ਨ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੇ ਗਏ ਬੰਬ ਹਮਲੇ ਵਿੱਚ ਮੰਤਰੀ ਜ਼ਾਕਿਰ ਹੁਸੈਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਤਰੀ ਨਾਲ ਮੌਜੂਦ ਘੱਟੋ-ਘੱਟ ਦੋ ਹੋਰ ਲੋਕ ਵੀ ਇਸ ਹਮਲੇ ਵਿੱਚ ਜ਼ਖਮੀ ਹੋ ਗਏ ਹਨ । ਮੁਰਸ਼ੀਦਾਬਾਦ ਮੈਡੀਕਲ ਕਾਲਜ ਦੇ ਸੁਪਰਡੈਂਟ ਅਮਿਯ ਕੁਮਾਰ ਬੇਰਾ ਨੇ ਦੱਸਿਆ ਕਿ ਜ਼ਾਕਿਰ ਹੁਸੈਨ ਦੀ ਹਾਲਤ ਸਥਿਰ ਹੈ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਦੇ ਇੱਕ ਹੱਥ ਤੇ ਇੱਕ ਪੈਰ ਵਿੱਚ ਸੱਟਾਂ ਲੱਗੀਆਂ ਹਨ। ਮੰਤਰੀ ਨੂੰ ਕੋਲਕਾਤਾ ਰੈਫਰ ਕਰ ਦਿੱਤਾ ਗਿਆ ਹੈ।
ਉੱਥੇ ਹੀ ਰੇਲਵੇ ਮੰਤਰੀ ਪੀਯੂਸ਼ ਗੋਇਲ ਵੱਲੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ। ਪਿਯੂਸ਼ ਗੋਇਲ ਨੇ ਕਿਹਾ ਕਿ ‘ਮੈਂ ਪੱਛਮੀ ਬੰਗਾਲ ਦੇ ਨਿਮਟੀਟਾ ਰੇਲਵੇ ਸਟੇਸ਼ਨ ‘ਤੇ ਹੋਏ ਭਿਆਨਕ ਬੰਬ ਹਮਲੇ ਦੀ ਨਿੰਦਾ ਕਰਦਾ ਹਾਂ। ਇਸ ਹਮਲੇ ਵਿੱਚ ਜੋ ਜ਼ਖਮੀ ਹੋਏ ਹਨ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆ ਕਰਦਾ ਹਾਂ।’ ਪੱਛਮੀ ਬੰਗਾਲ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਰਤ ਰਾਜ ਮੰਤਰੀ ਹੁਸੈਨ ਸਟੇਸ਼ਨ ਦੇ ਦੋ ਨੰਬਰ ਪਲੇਟਫਾਰਮ ‘ਤੇ ਰਾਤ 10 ਵਜੇ ਦੇ ਕਰੀਬ ਕੋਲਕਾਤਾ ਜਾਣ ਵਾਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ, ਉਸ ਸਮੇਂ ਉਨ੍ਹਾਂ ‘ਤੇ ਹਮਲਾ ਹੋਇਆ। ਉਨ੍ਹਾਂ ਦੱਸਿਆ ਕਿ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਜੰਗੀਪੁਰਾ ਤੋਂ ਵਿਧਾਇਕ ਅਤੇ ਦੋ ਹੋਰ ਲੋਕਾਂ ਨੂੰ ਜੰਗੀਪੁਰਾ ਸਬ ਡਵੀਜ਼ਨਲ ਹਸਪਤਾਲ ਲਿਜਾਇਆ ਗਿਆ ਹੈ।
ਇਸ ਬਾਰੇ ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਤਰੀ ਦੇ ਪੈਰਾਂ ਤੇ ਪੇਟ ਦੇ ਨਿਚਲੇ ਹਿੱਸੇ ਵਿੱਚ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਕੋਲਕਾਤਾ ਦੇ ਕਿਸੇ ਹਸਪਤਾਲ ਵਿੱਚ ਭੇਜਣ ਤੋਂ ਪਹਿਲਾਂ ਸਥਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੱਛਮੀ ਬੰਗਾਲ ਵਿੱਚ ਭਾਜਪਾ ਨੇਤਾ ਬਾਬੂ ਮਾਸਟਰ ‘ਤੇ ਹਮਲਾ ਹੋਇਆ ਸੀ । ਉਨ੍ਹਾਂ ਦੀ ਗੱਡੀ ‘ਤੇ ਵੀ ਬੰਬ ਨਾਲ ਹਮਲਾ ਕੀਤਾ ਗਿਆ ਸੀ। 10-12 ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਘੇਰ ਕੇ ਫਾਇਰਿੰਗ ਕੀਤੀ ਸੀ । ਉਸ ਸਮੇਂ ਬਾਬੂ ਮਾਸਟਰ ਬਸ਼ੀਰਹਾਟ ਤੋਂ ਕੋਲਕਾਤਾ ਆ ਰਹੇ ਸਨ । ਇਸ ਹਮਲੇ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ । ਬਾਬੂ ਮਾਸਟਰ ਨੂੰ ਜ਼ਖਮੀ ਹਾਲਤ ਵਿੱਚ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਦਿੱਲੀ ਪੁਲਿਸ ਫਿਰ ਐਕਸ਼ਨ ‘ਚ, ਕਿਉਂ ਲੱਗ ਰਹੀਆਂ ਮੁੜ ਕੰਡਿਆਲੀਆਂ ਤਾਰਾਂ, ਦੇਖੋ ਹਲਾਤ