ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਿਸਮਤ ਈਵੀਐਮ ਵਿੱਚ ਕੈਦ ਹੋਣ ਜਾ ਰਹੀ ਹੈ। ਪੱਛਮੀ ਬੰਗਾਲ ਦੀਆਂ ਭਵਾਨੀਪੁਰ, ਜੰਗੀਪੁਰ ਅਤੇ ਸ਼ਮਸ਼ੇਰਗੰਜ ਵਿਧਾਨ ਸਭਾ ਸੀਟਾਂ ‘ਤੇ ਅੱਜ ਉਪ ਚੋਣਾਂ ਹੋ ਰਹੀਆਂ ਹਨ।
ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਟੀਐਮਸੀ ਦੀ ਉਮੀਦਵਾਰ ਹੈ। ਭਾਜਪਾ ਨੇ ਇਸ ਸੀਟ ਤੋਂ ਪ੍ਰਿਯੰਕਾ ਟਿਬਰੇਵਾਲ ਨੂੰ ਅਤੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਐਮ) ਨੇ ਸ੍ਰੀਜੀਵ ਵਿਸ਼ਵਾਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਵਾਨੀਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਇਸ ਖੇਤਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਕੇਂਦਰੀ ਬਲਾਂ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਅਧਿਕਾਰੀ ਨੇ ਦੱਸਿਆ ਕਿ ਭਵਾਨੀਪੁਰ ਦੇ ਪੋਲਿੰਗ ਸਟੇਸ਼ਨਾਂ ਦੇ 200 ਮੀਟਰ ਦੇ ਅੰਦਰ ਸੀਆਰਪੀਸੀ ਦੀ ਧਾਰਾ 144 (ਅਪਰਾਧਿਕ ਪ੍ਰਕਿਰਿਆ ਦੀ ਸੰਹਿਤਾ) ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਭਵਾਨੀਪੁਰ ਦੇ 97 ਪੋਲਿੰਗ ਸਟੇਸ਼ਨਾਂ ਦੇ 287 ਪੋਲਿੰਗ ਸਥਾਨਾਂ ‘ਤੇ ਕੇਂਦਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਬੂਥ ਦੇ ਬਾਹਰ ਸੁਰੱਖਿਆ ਦੀ ਜ਼ਿੰਮੇਵਾਰੀ ਕੋਲਕਾਤਾ ਪੁਲਿਸ ਦੇ ਅਧਿਕਾਰੀਆਂ ਦੇ ਹੱਥ ਵਿੱਚ ਹੋਵੇਗੀ।