Woman doctor of Agra medical: ਆਗਰਾ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ਤੋਂ MBBS ਪਾਸ ਚੁੱਕੀ ਮਹਿਲਾ ਡਾਕਟਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬੁੱਧਵਾਰ ਸਵੇਰੇ ਮਹਿਲਾ ਡਾਕਟਰ ਦੀ ਮ੍ਰਿਤਕ ਦੇਹ ਸ਼ਹਿਰ ਤੋਂ ਕਾਫ਼ੀ ਦੂਰ ਡੌਕੀ ਥਾਣਾ ਖੇਤਰ ਦੇ ਬਮਰੌਲੀ ਕਟਾਰਾ ਵਿਖੇ ਇੱਕ ਖਾਲੀ ਪਲਾਟ ਵਿੱਚ ਮਿਲੀ । ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਗਈ। ਜਦੋਂ ਪੁਲਿਸ ਨੇ ਮ੍ਰਿਤਕ ਲੜਕੀ ਦੀ ਪਛਾਣ ਕਰਨੀ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਪੁਲਿਸ ਨੂੰ ਪਤਾ ਲੱਗਿਆ ਕਿ ਮ੍ਰਿਤਕ ਕੁੜੀ ਕੋਈ ਹੋਰ ਨਹੀਂ ਹੈ ਬਲਕਿ ਮੈਡੀਕਲ ਕਾਲਜ ਦੀ MBBS ਪਾਸ ਆਉਟ ਡਾਕਟਰ ਯੋਗਿਤਾ ਗੌਤਮ ਹੈ। ਡਾ: ਯੋਗਿਤਾ ਗੌਤਮ ਦਿੱਲੀ ਦੀ ਵਸਨੀਕ ਹੈ । ਉਸ ਦੇ ਪਿਤਾ ਅਤੇ ਭਰਾ ਵੀ ਡਾਕਟਰ ਹਨ। ਡਾ: ਯੋਗੀਤਾ ਗੌਤਮ ਮੰਗਲਵਾਰ ਦੇਰ ਰਾਤ ਤੋਂ ਲਾਪਤਾ ਸੀ। ਉਸ ਦਾ ਫੋਨ ਵੀ ਬੰਦ ਸੀ ਅਤੇ ਪਰਿਵਾਰ ਉਸ ਨਾਲ ਸੰਪਰਕ ਨਹੀਂ ਕਰ ਪਾ ਰਹੇ ਸਨ।
ਪੁਲਿਸ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਡਾ: ਯੋਗਿਤਾ ਗੌਤਮ ਦੇ ਪਿਤਾ ਅਤੇ ਭਰਾ ਆਗਰਾ ਪਹੁੰਚੇ । ਉਨ੍ਹਾਂ ਨੇ ਆਗਰਾ ਦੇ ਐਮ.ਐਮ. ਗੇਟ ਥਾਣਾ ਵਿਖੇ ਬੇਟੀ ਦੇ ਲਾਪਤਾ ਹੋਣ ਦਾ ਕੇਸ ਦਰਜ ਕਰਵਾਇਆ। ਯੋਗਿਤਾ ਗੌਤਮ ਦੇ ਪਿਤਾ ਅਤੇ ਭਰਾ ਨੇ ਦੋਸ਼ ਲਾਇਆ ਕਿ ਓਰੇਈ ਜਲੌਨ ਮੈਡੀਕਲ ਕਾਲਜ ਦੇ ਮੈਡੀਕਲ ਅਫਸਰ ਡਾ: ਵਿਵੇਕ ਤਿਵਾੜੀ ਉਨ੍ਹਾਂ ਦੀ ਬੇਟੀ ਯੋਗਿਤਾ ਗੌਤਮ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ।
ਦੋਸ਼ਾਂ ਅਨੁਸਾਰ ਡਾ: ਵਿਵੇਕ ਤਿਵਾੜੀ ਯੋਗਿਤਾ ਗੌਤਮ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ । ਡਾ: ਯੋਗੀਤਾ ਗੌਤਮ ਨਾਲ ਜੁੜੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਡੌਕੀ ਥਾਣਾ ਖੇਤਰ ਵਿੱਚ ਵਾਪਰੀ ਘਟਨਾ ਦੇ ਆਸ-ਪਾਸ ਸੀਸੀਟੀਵੀ ਕੈਮਰੇ ਦੀ ਤਲਾਸ਼ੀ ਲਈ ਤਾਂ ਡਾਕਟਰ ਯੋਗੀਤਾ ਗੌਤਮ ਦੀ ਮੌਤ ਨਾਲ ਜੁੜੇ ਸੁਰਾਗ ਪੁਲਿਸ ਕੋਲ ਆ ਗਏ। ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਮੁਲਜ਼ਮ ਡਾਕਟਰ ਵਿਵੇਕ ਤਿਵਾੜੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਆਗਰਾ ਬਬਲੂ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਡਾਕਟਰ ਦੇ ਸਿਰ ਅਤੇ ਗਰਦਨ ‘ਤੇ ਸੱਟ ਦੇ ਨਿਸ਼ਾਨ ਹਨ । ਪੋਸਟ ਮਾਰਟਮ ਦੀ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਰਨ ਤੋਂ ਪਹਿਲਾਂ ਮਹਿਲਾ ਨੇ ਆਪਣੀ ਜਾਨ ਬਚਾਉਣ ਲਈ ਵੀ ਸੰਘਰਸ਼ ਕੀਤਾ ਹੈ ।
ਐਸਐਸਪੀ ਆਗਰਾ ਅਨੁਸਾਰ ਮੁਲਜ਼ਮ ਡਾਕਟਰ ਵਿਵੇਕ ਤਿਵਾੜੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਡਾਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡਾ: ਯੋਗਿਤਾ ਗੌਤਮ ਦੀ ਹੱਤਿਆ ਕਾਰਨ ਐਸ ਐਨ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਾਂ ਅਤੇ ਰਿਹਾਇਸ਼ੀ ਡਾਕਟਰਾਂ ਵਿੱਚ ਰੋਸ ਦਾ ਮਾਹੌਲ ਹੈ। ਐਸ ਐਨ ਮੈਡੀਕਲ ਕਾਲਜ ਵਿਖੇ ਐਮਰਜੈਂਸੀ ਸੇਵਾਵਾਂ ਵੀ ਇਸ ਘਟਨਾ ਕਾਰਨ ਕੁਝ ਸਮੇਂ ਲਈ ਪ੍ਰਭਾਵਿਤ ਰਹੀਆਂ। ਜੂਨੀਅਰ ਡਾਕਟਰਾਂ ਨੇ ਕਾਤਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।