Woman sets her father on fire: ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਧੀ ਨੇ ਆਪਣੇ ਹੀ ਪਿਤਾ ਨੂੰ ਤੇਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ । ਪੂਰਾ ਮਾਮਲਾ ਘਟਨਾ ਸਥਾਨ ‘ਤੇ ਲੱਗੇ ਇੱਕ CCTV ਵਿੱਚ ਕੈਦ ਹੋ ਗਿਆ। ਪੁਲਿਸ ਨੇ ਕੁੜੀ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ 22 ਸਾਲਾਂ ਕੁੜੀ ਨੇ ਆਪਣੇ ਪਿਤਾ ਨੂੰ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਲਿਜਾ ਕੇ ਖਾਣਾ ਖੁਆਇਆ ਅਤੇ ਸ਼ਰਾਬ ਵੀ ਪਿਆਈ । ਅਜਿਹੇ ਵਿੱਚ ਜਦੋਂ ਉਸਦਾ ਪਿਤਾ ਨਸ਼ੇ ਵਿੱਚ ਧੁੱਤ ਹੋ ਗਿਆ ਤਾਂ ਕੁੜੀ ਨੇ ਕਥਿਤ ਤੌਰ ‘ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ।

ਇਸ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਆਪਣੇ ਪਿਤਾ ਨਾਲ ਐਤਵਾਰ ਰਾਤ ਨੂੰ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਗਈ ਸੀ, ਜਿੱਥੇ ਉਸਨੇ ਆਪਣੇ ਪਿਤਾ ਨੂੰ ਸ਼ਰਾਬ ਪਿਆਈ ਤੇ ਫਿਰ ਉਹ ਸਟ੍ਰੈਡ ਰੋਡ ‘ਤੇ ਸੈਰ ਕਰਨ ਗਈ । ਕੁੜੀ ਨੇ ਦੱਸਿਆ ਕਿ ਜਦੋਂ ਉਸਦੇ ਪਿਤਾ ਹੁਗਲੀ ਨਦੀ ਦੇ ਕੰਢੇ ਦੇ ਕਿਨਾਰੇ ਇੱਕ ਬੇਂਚ ‘ਤੇ ਸੌਂ ਗਏ, ਉਦੋਂ ਉਸਦੇ ਪਿਤਾ ‘ਤੇ ਮਿੱਟੀ ਦਾ ਤੇਲ ਪਾਇਆ ਤੇ ਕਥਿਤ ਤੌਰ ‘ਤੇ ਉਸਨੂੰ ਅੱਗ ਲਾ ਦਿੱਤੀ।

ਇਸ ਮਾਮਲੇ ਵਿੱਚ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ ਅਤੇ ਕੁੜੀ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਾਰਕ ਸਰਕਸ ਨੇੜੇ ਕ੍ਰਿਸਟੋਫਰ ਰੋਡ ਦੀ ਰਹਿਣ ਵਾਲੀ ਕੁੜੀ ਨੂੰ ਉਸ ਦੇ ਚਾਚੇ ਵੱਲੋਂ ਦਰਜ ਕਰਵਾਈ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕੁੜੀ ਨੇ ਪੁੱਛਗਿੱਛ ਦੌਰਾਨ ਦੋਸ਼ ਲਾਇਆ ਕਿ ਜਦੋਂ ਉਹ ਛੋਟੀ ਸੀ, ਉਸ ਦੌਰਾਨ ਉਸਦੀ ਮਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸਦੇ ਪਿਤਾ ਨੇ ਉਸਦਾ ਯੌਨ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਪਰ ਕੁੜੀ ਦੇ ਵਿਆਹ ਤੋਂ ਬਾਅਦ ਇਹ ਬੰਦ ਹੋ ਗਿਆ । ਕੁੜੀ ਨੇ ਦੱਸਿਆ ਕਿ ਜਦੋਂ ਉਸਦਾ ਵਿਆਹ ਟੁੱਟ ਗਿਆ ਅਤੇ ਉਹ ਘਰ ਪਰਤੀ ਤਾਂ ਉਸ ਨਾਲ ਦੁਬਾਰਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਪੁਲਿਸ ਵੱਲੋਂ ਕੁੜੀ ਨੂੰ ਫੜ੍ਹ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਅਦਾਲਤ ਨੇ ਉਸਨੂੰ 29 ਮਾਰਚ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।






















