Women Kabaddi Match: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 40 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਅੰਦੋਲਨ ਦੇ ਵਿਚਕਾਰ ਹੁਣ ਸਿੰਘੂ ਬਾਰਡਰ ਮਹਿਲਾ ਕਬੱਡੀ ਪ੍ਰਤੀਯੋਗਤਾ ਲਈ ਇੱਕ ਮੈਦਾਨ ਵਿੱਚ ਤਬਦੀਲ ਹੋ ਗਿਆ। ਦੱਸ ਦੇਈਏ ਕਿ ਇੱਥੇ ਕੜਾਕੇ ਦੀ ਠੰਡ ਦੇ ਵਿਚਾਲੇ ਹੋਈ ਬਾਰਿਸ਼ ਵੀ ਉਨ੍ਹਾਂ ਦੇ ਇਸ ਜਜ਼ਬੇ ਨੂੰ ਘੱਟ ਨਹੀਂ ਕਰ ਸਕੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਯੁਕਤ ਸਕੱਤਰ ਸੁਖਵਿੰਦਰ ਸਿੰਘ (55) ਨੇ ਦੱਸਿਆ ਕਿ ਮਹਿਲਾਵਾਂ ਖ਼ੁਦ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਅੱਗੇ ਆਈਆਂ ਹਨ। ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਸਿੰਘ ਨੇ ਕਿਹਾ, “ਵੱਖ-ਵੱਖ ਰਾਜਾਂ ਦੀਆਂ ਟੀਮਾਂ ਆਈਆਂ ਅਤੇ ਸਾਨੂੰ ਦੱਸਿਆ ਕਿ ਉਹ ਕਬੱਡੀ ਮੁਕਾਬਲਾ ਕਰਵਾਉਣਾ ਚਾਹੁੰਦੇ ਹਨ। ਅਸੀਂ ਸਿੰਘੂ ਬਾਰਡਰ ‘ਤੇ ਲੋਕਾਂ ਨੂੰ ਸਰਗਰਮ ਰੱਖਣ ਲਈ ਹਰ ਦਿਨ ਲਈ ਵੱਖ-ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ।
ਦੱਸ ਦੇਈਏ ਕਿ ਪ੍ਰਦਰਸ਼ਨ ਵਾਲੀ ਥਾਂ ‘ਤੇ ਕਿਸਾਨਾਂ ਨੇ ਮੁਕਾਬਲਾ ਸ਼ੁਰੂ ਹੋਣ ‘ਤੇ ਖਿਡਾਰੀਆਂ ਦੇ ਉਤਸ਼ਾਹ ਨੂੰ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਰਿਤਿਕਾ ਦਲਾਲ ਨਾਮ ਦੀ ਇੱਕ ਖਿਡਾਰੀ ਨੇ ਕਿਹਾ, “ਮੈਂ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਦਿੱਲੀ ਤੋਂ ਖੇਡੀ ਹਾਂ। ਮੈਚ ਚੰਗਾ ਸੀ, ਹਾਲਾਂਕਿ ਅਸੀਂ ਜਿੱਤ ਨਹੀਂ ਸਕੇ। ਮੇਰਾ ਪਰਿਵਾਰ ਬਹੁਤ ਸਹਿਯੋਗੀ ਹੈ ਅਤੇ ਉਨ੍ਹਾਂ ਨੇ ਮੈਚ ਵਿੱਚ ਸ਼ਾਮਿਲ ਹੋਣ ਲਈ ਇਜਾਜ਼ਤ ਦੇ ਦਿੱਤੀ। “