Yamuna Expressway Accident: ਉੱਤਰ ਪ੍ਰਦੇਸ਼ ਦੇ ਗੌਤਮ ਬੁੱਧਨਗਰ ਵਿੱਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ । ਯਮੁਨਾ ਐਕਸਪ੍ਰੈਸ ਵੇਅ ‘ਤੇ ਇਨੋਵਾ ਕਾਰ ਪਿੱਛੇ ਤੋਂ ਰੋਡਵੇਜ਼ ਦੀ ਬੱਸ ਵਿੱਚ ਜਾ ਟਕਰਾਈ । ਇਸ ਹਾਦਸੇ ਵਿੱਚ ਇਨੋਵਾ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ । ਇਸ ਹਾਦਸੇ ਵਿੱਚ ਇਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਨੋਵਾ ਨੂੰ ਬੱਸ ਦੇ ਹੇਠੋਂ ਬਾਹਰ ਕੱਢਣ ਲਈ ਪੁਲਿਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ । ਇਸ ਬਾਰੇ ਪੁਲਿਸ ਨੇ ਦੱਸਿਆ ਕਿ ਕਾਫ਼ੀ ਕੋਸ਼ਿਸ਼ ਦੇ ਬਾਅਦ ਲਾਸ਼ਾਂ ਨੂੰ ਵੀ ਬਾਹਰ ਕੱਢਿਆ ਜਾ ਸਕਿਆ ਹੈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਯਮੁਨਾ ਐਕਸਪ੍ਰੈਸ ਵੇਅ ਦੇ ਜ਼ੀਰੋ ਪੁਆਇੰਟ ‘ਤੇ ਵਾਪਰੀ । ਜਿੱਥੇ ਇਹ ਘਟਨਾ ਵਾਪਰੀ ਹੈ ਉਹ ਬੀਟਾ ਦੋ ਥਾਣਾ ਖੇਤਰ ਦੇ ਅਧੀਨ ਆਉਂਦਾ ਹੈ। ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਆਗਰਾ ਤੋਂ ਨੋਇਡਾ ਆ ਰਹੀ ਲੇਨ ‘ਤੇ ਇੱਕ ਪੈਟਰੋਲ ਪੰਪ ਤੋਂ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ‘ ਤੇ ਵਾਪਰਿਆ । ਦੱਸਿਆ ਜਾ ਰਿਹਾ ਹੈ ਕਿ ਇਨੋਵਾ ਸਵਾਰ ਵਿਆਹ ਸਮਾਗਮ ਤੋਂ ਪਰਤ ਰਹੇ ਸਨ । ਕੁਝ ਲੋਕਾਂ ਦਾ ਕਹਿਣਾ ਹੈ ਕਿ ਕਾਰ ਦੀ ਸਪੀਡ ਬਹੁਤ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ । ਫਿਲਹਾਲ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਅਸ਼ੀਸ਼ ਚੌਹਾਨ, ਆਲੋਕ ਕੁਮਾਰ, ਮਨਿਗੰਦਨ ਮਾਇਕਨ, ਫਿਰੋਜ ਦੇ ਰੂਪ ਵਿੱਚ ਹੋਈ ਹੈ, ਜਦਕਿ ਪ੍ਰਿੰਸ ਪਾਲ ਇਸ ਹਾਦਸੇ ਵਿੱਚ ਜ਼ਖਮੀ ਹੋਇਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੈਨਪੁਰੀ ਵਿੱਚ ਬਰਾਤ ਨਾਲ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ । ਇਸ ਹਾਦਸੇ ਵਿੱਚ 25 ਬਰਾਤੀ ਜ਼ਖਮੀ ਹੋਏ। 18 ਜ਼ਖਮੀਆਂ ਨੂੰ ਮੈਨਪੁਰੀ ਦੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੋਂ 4 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਸੈਫਈ ਰੈਫਰ ਕਰ ਦਿੱਤਾ ਗਿਆ । ਡੀਐਮ ਨੇ 18 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਦੇਖੋ: ਕਿਰਸਾਨੀ ਧਰਨਿਆਂ ‘ਚ ਦੇਖੋ ਲੰਗਰ ਸੇਵਾ ਦਾ ਅਸਲ ਮਕਸਦ ਅਤੇ ਭਾਵਨਾ