Yashomati thakur taunts pm modi : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 30 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਪਰ ਇਸ ਦੌਰਾਨ ਸਿਆਸਤ ਵੀ ਜਾਰੀ ਹੈ। ਸਿਆਸੀ ਪਾਰਾ ਵੀ ਇਸ ਵੇਲੇ ਲਗਾਤਾਰ ਵੱਧਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਲਗਾਤਾਰ ਭਾਜਪਾ ਨੂੰ ਘੇਰਨ ਦੋ ਕੋਸ਼ਿਸ ਕਰ ਰਹੀਆਂ ਹਨ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਲਗਾਤਾਰ ਮੋਦੀ ਸਰਕਾਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਹੁਣ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਅਤੇ ਕਾਂਗਰਸ ਨੇਤਾ ਯਸ਼ੋਮਤੀ ਠਾਕੁਰ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਯਸ਼ੋਮਤੀ ਠਾਕੁਰ ਨੇ ਕਿਹਾ ਕਿ ਸਿਰਫ ਦਾੜ੍ਹੀ ਵਧਾ ਕੇ ਕੋਈ ਰਬਿੰਦਰਨਾਥ ਟੈਗੋਰ ਨਹੀਂ ਬਣਦਾ, ਇਸ ਲਈ ਉਨ੍ਹਾਂ ਵਰਗਾ ਦਿਲ ਵੀ ਹੋਣਾ ਚਾਹੀਦਾ ਹੈ।
ਕਾਂਗਰਸੀ ਨੇਤਾ ਯਸ਼ੋਮਤੀ ਠਾਕੁਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, ‘ਕੇਂਦਰ ਵੱਲੋਂ ਨਵੇਂ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਕਈ ਕਿਸਾਨ ਸੰਗਠਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਸਮਰਥਨ ਵਿੱਚ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਨੇ ਰਾਸ਼ਟਰਪਤੀ ਨੂੰ ਦੇਸ਼ ਦੇ 2 ਕਰੋੜ ਲੋਕਾਂ ਦੇ ਦਸਤਖਤ ਵਾਲਾ ਪੱਤਰ ਦਿੱਤਾ ਹੈ। ਕਾਂਗਰਸ ਨੇਤਾ ਯਸ਼ੋਮਤੀ ਠਾਕੁਰ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਕੇਂਦਰ ਇਸ ‘ਤੇ ਕੋਈ ਜਵਾਬ ਨਹੀਂ ਦੇ ਰਿਹਾ ਹੈ। ਜਿਸ ਕਾਰਨ ਅੰਦੋਲਨਕਾਰੀ ਕਿਸਾਨ ਕੜਾਕੇ ਦੀ ਠੰਡ ਨਾਲ ਜੂਝ ਰਹੇ ਹਨ। ਫਿਰ ਵੀ, ਇਨ੍ਹਾਂ ਨੂੰ ਕੋਈ ਮਲਾਲਨਹੀਂ ਹੈ। ਸਰਕਾਰ ਅੰਦੋਲਨਕਾਰੀ ਵਿਰੋਧੀਆਂ ਨੂੰ ਡਰਾਉਂਦੀ ਹੈ ਅਤੇ ਪੁਲਿਸ ਨੂੰ ਅੱਗੇ ਕਰਦੀ ਹੈ।
ਵੀਡੀਓ ਦੇ ਅਖੀਰ ਵਿੱਚ, ਰਾਜ ਸਰਕਾਰ ਵਿੱਚ ਮੰਤਰੀ ਯਸ਼ੋਮਤੀ ਠਾਕੁਰ ਨੇ ਕਿਹਾ ਕਿ ਸਿਰਫ ਦਾੜ੍ਹੀ ਵਧਾ ਕੇ ਰਬਿੰਦਰਨਾਥ ਟੈਗੋਰ ਨਹੀਂ ਬਣ ਸਕਦੇ, ਇਸ ਲਈ ਉਨ੍ਹਾਂ ਵਰਗਾ ਦਿਲ ਵੀ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਬੀਤੇ ਦਿਨੀਂ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਦਿੱਲੀ ਵਿੱਚ ਮਾਰਚ ਕੱਢਣਾ ਚਾਹੁੰਦੀ ਸੀ, ਪਰ ਕਾਂਗਰਸ ਨੂੰ ਆਗਿਆ ਨਹੀਂ ਦਿੱਤੀ ਗਈ। ਇਸ ਦੌਰਾਨ ਪ੍ਰਿਅੰਕਾ ਗਾਂਧੀ ਸਮੇਤ ਕੁੱਝ ਹੋਰ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਦੋਂ ਕਿ ਰਾਹੁਲ ਗਾਂਧੀ ਰਾਸ਼ਟਰਪਤੀ ਨੂੰ ਮਿਲਣ ਲਈ ਅੱਗੇ ਗਏ ਸਨ। ਰਾਹੁਲ ਗਾਂਧੀ ਅਤੇ ਤਿੰਨ ਹੋਰ ਨੇਤਾਵਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਸੌਂਪਿਆ। ਕਾਂਗਰਸ ਦੀ ਮੰਗ ਹੈ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਿਸ ਲਏ ਜਾਣੇ ਚਾਹੀਦੇ ਹਨ।