yogi adityanath ayodhya visit: ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸੋਮਵਾਰ ਯਾਨੀ ਕਿ ਅੱਜ ਰਾਮ ਮੰਦਰ ਭੂਮੀ ਪੂਜਨ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਯੁੱਧਿਆ ਜਾਣਗੇ। ਸੀਐਮ ਯੋਗੀ ਐਤਵਾਰ ਨੂੰ ਅਯੁੱਧਿਆ ਦਾ ਦੌਰਾ ਕਰਨ ਵਾਲੇ ਸਨ, ਪਰ ਲਖਨਊ ਵਿੱਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਦੀ ਮੌਤ ਕਾਰਨ ਇਹ ਦੌਰਾ ਰੱਦ ਕਰ ਦਿੱਤਾ ਗਿਆ।
ਸੀਐਮ ਯੋਗੀ ਆਦਿੱਤਿਆਨਾਥ ਅੱਜ ਦੁਪਹਿਰ 1 ਵਜੇ ਲਖਨਊ ਤੋਂ ਅਯੁੱਧਿਆ ਲਈ ਰਵਾਨਾ ਹੋਣਗੇ । ਉਹ ਰਾਮ ਜਨਮ ਭੂਮੀ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ ਅਤੇ ਸੰਤਾਂ ਨਾਲ ਗੱਲਬਾਤ ਕਰਨਗੇ । ਸੀਐਮ ਯੋਗੀ ਸ਼ਾਮ 4.30 ਵਜੇ ਤੱਕ ਅਯੁੱਧਿਆ ਵਿੱਚ ਰਹਿਣਗੇ। ਸੀਐਮ ਯੋਗੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੀ ਪ੍ਰਧਾਨ ਨ੍ਰਿਤਿਆ ਗੋਪਾਲ ਦਾਸ ਨਾਲ ਵੀ ਮੁਲਾਕਾਤ ਕਰਨਗੇ । ਰਾਮ ਜਨਮ ਭੂਮੀ ਵਿਖੇ ਸੋਮਵਾਰ ਸਵੇਰੇ 8:00 ਵਜੇ ਤੋਂ ਪੂਜਾ ਪਾਠ ਵੀ ਅਰੰਭ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ 5 ਅਗਸਤ ਨੂੰ ਹੋਣ ਜਾ ਰਿਹਾ ਹੈ । ਇਸ ਦੇ ਲਈ ਅਯੁੱਧਿਆ ਵਿੱਚ ਜ਼ੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਭੂਮੀ ਪੂਜਨ ਪ੍ਰੋਗਰਾਮ ਤੋਂ ਪਹਿਲਾਂ ਰਾਮਨਗਰੀ ਨੂੰ ਸਜਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਲਗਭਗ 200 ਮਸ਼ਹੂਰ ਹਸਤੀਆਂ ਇਸ ਸ਼ਾਨਦਾਰ ਸਮਾਗਮ ਵਿੱਚ ਸ਼ਾਮਲ ਹੋਣਗੀਆਂ।