ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਵੀ ਨਹੀਂ ਹਨ ਅਤੇ ਕਦੇ ਇਸ ਵਿਧਾਨ ਸਭਾ ਹਲਕੇ ਤੋਂ ਅਤੇ ਕਦੇ ਉਸ ਹਲਕੇ ਤੋਂ ਟਿਕਟ ਮੰਗ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਟਿਕਟ ਨਹੀਂ ਦੇ ਰਿਹਾ।
ਇਸ ‘ਤੇ ਪਲਟਵਾਰ ਕਰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਲਖਨਊ ‘ਚ ਕਿਹਾ ਕਿ ਸਾਡੇ ਹਰਮਨ ਪਿਆਰੇ ਅਤੇ ਸਫਲ ਮੁੱਖ ਮੰਤਰੀ ਸੂਬੇ ਦੀਆਂ ਸਾਰੀਆਂ 403 ਸੀਟਾਂ ‘ਤੇ ਚੋਣ ਲੜ ਰਹੇ ਹਨ ਅਤੇ ਅਖਿਲੇਸ਼ ਯਾਦਵ ਖੁਦ ਇਹ ਫੈਸਲਾ ਨਹੀਂ ਕਰ ਪਾ ਰਹੇ ਹਨ ਕਿ ਕਿੱਥੋਂ ਚੋਣ ਲੜਨੀ ਹੈ। ਅਖਿਲੇਸ਼ ਯਾਦਵ ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਵਿਨੋਦ ਕੁਮਾਰ ਸਿੰਘ ਉਰਫ ਪੰਡਿਤ ਸਿੰਘ ਦੀ ਬਰਸੀ ‘ਤੇ ਆਯੋਜਿਤ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਗੋਂਡਾ ‘ਚ ਸਨ। ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੁੱਖ ਮੰਤਰੀ (ਯੋਗੀ ਆਦਿਤਿਆ ਨਾਥ) ਕਦੇ ਇਸ ਵਿਧਾਨ ਸਭਾ ਹਲਕੇ ਤੋਂ, ਕਦੇ ਉਸ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਅਤੇ ਕੋਈ ਉਨ੍ਹਾਂ ਨੂੰ ਟਿਕਟ ਨਹੀਂ ਦੇ ਰਿਹਾ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ, “ਉਹ (ਯੋਗੀ) ਭਾਜਪਾ ਦੇ ਮੈਂਬਰ ਨਹੀਂ ਹਨ ਅਤੇ ਭਾਜਪਾ ਦੇ ਪੂਰੇ ਲੋਕ ਉਨ੍ਹਾਂ ਤੋਂ ਦੁਖੀ ਹਨ, ਸਾਰੇ ਸੀਨੀਅਰ ਦੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਖੂਨ-ਪਸੀਨਾ ਵਹਾ ਕੇ ਪਾਰਟੀ ਬਣਾਈ ਸੀ ਅਤੇ ਪਤਾ ਨਹੀਂ ਇਹ ਕਿੱਥੋਂ ਆ ਕੇ ਬੈਠ ਗਏ।”
ਅਖਿਲੇਸ਼ ਨੇ ਇਹ ਵੀ ਕਿਹਾ, ”ਜਿਸ ਤਰ੍ਹਾਂ ਨਾਲ ਸੂਚਨਾਵਾਂ ਆ ਰਹੀਆਂ ਹਨ ਕਿ ਉਹ (ਯੋਗੀ) ਇੱਥੋਂ ਚੋਣ ਲੜਨਗੇ, ਉਹ ਉਥੋਂ ਲੜਨਗੇ, ਉਸ ਤੋਂ ਲੱਗਦਾ ਹੈ ਕਿ ਉਹ ਟਿਕਟ ਮੰਗ ਰਹੇ ਹਨ, ਮੁੱਖ ਮੰਤਰੀ ਕਿੰਨੇ ਕਮਜ਼ੋਰ ਹਨ, ਜੋ ਟਿਕਟ ਦੀ ਮੰਗ ਕਰ ਰਹੇ ਹਨ।” ਧਿਆਨ ਯੋਗ ਹੈ ਕਿ ਯੋਗੀ ਦੇ ਕਦੇ ਮਥੁਰਾ, ਅਯੁੱਧਿਆ ਅਤੇ ਕਦੇ ਗੋਰਖਪੁਰ ਤੋਂ ਚੋਣ ਲੜਨ ਦੀਆਂ ਖਬਰਾਂ ਮੀਡੀਆ ਵਿੱਚ ਆ ਰਹੀਆਂ ਹਨ। ਭਾਜਪਾ ਦੇ ਰਾਜ ਸਭਾ ਮੈਂਬਰ ਹਰਨਾਥ ਸਿੰਘ ਯਾਦਵ ਨੇ ਪਿਛਲੇ ਦਿਨੀਂ ਪੱਤਰ ਲਿਖ ਕੇ ਯੋਗੀ ਨੂੰ ਮਥੁਰਾ ਤੋਂ ਚੋਣ ਲੜਨ ਦੀ ਮੰਗ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: