ਕ੍ਰਿਕਟ ਵਿਸ਼ਵ ਕੱਪ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਇੰਡੀਆ ਨੂੰ ਫਾਇਨਲ ਵਿੱਚ ਪਹੁੰਚਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਤੋਹਫ਼ਾ ਮਿਲਿਆ ਹੈ। ਯੋਗੀ ਸਰਕਾਰ ਉਨ੍ਹਾਂ ਦੇ ਅਮਰੋਹਾ ਸਥਿਤ ਪਿੰਡ ਸਾਹਸਪੁਰ ਅਲੀਨਗਰ ਵਿੱਚ ਮਿਨੀ ਸਟੇਡੀਅਮ ਬਣਾਉਣ ਜਾ ਰਹੀ ਹੈ। ਅਮਰੋਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸਦੇ ਲਈ ਜ਼ਮੀਨ ਵੀ ਦੇਖ ਲਈ ਹੈ। ਡੀਐੱਮ ਰਾਜੇਸ਼ ਤਿਆਗੀ ਮੁਤਾਬਕ ਇਹ ਮਿੰਨੀ ਸਟੇਡੀਅਮ 1.092 ਹੈਕਟੇਅਰ ਵਿੱਚ ਬਣੇਗਾ। ਪ੍ਰਸ਼ਾਸਨ ਨੂੰ ਇਸਦਾ ਪ੍ਰਸਤਾਵ ਭੇਜ ਦਿੱਤਾ ਗਿਆ ਹੈ।
ਯੂਪੀ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਯੋਗੀ ਸਰਕਾਰ ਨੇ ਹਰ ਪਿੰਡ ਵਿੱਚ ਮਿੰਨੀ ਸਟੇਡੀਅਮ ਬਣਾਉਣ ਦੀ ਪਹਿਲ ਕੀਤੀ ਸੀ। ਮੈਦਾਨ ਵਿੱਚ ਓਪਨ ਜਿਮ ਸਣੇ ਹੋਰ ਵਿਵਸਥਾਵਾਂ ਵੀ ਦਿੱਤੀਆਂ ਜਾਣਗੀਆਂ। ਜਿਸ ਨਾਲ ਖਿਡਾਰੀ ਉੱਥੇ ਅਭਿਆਸ ਕਰ ਸਕਣ। ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਮੁਹੰਮਦ ਸ਼ਮੀ ਦੇ ਪਿੰਡ ਵਿੱਚ ਇਸੇ ਦੇ ਤਹਿਤ ਮਿੰਨੀ ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਸ਼ਮੀ ਨੇ ਨਿਊਜ਼ੀਲੈਂਡ ਦੇ ਖਿਲਾਫ਼ ਖੇਡੇ ਗਏ ਸੈਮੀਫਾਈਨਲ ਮੈਚ ਵਿੱਚ 7 ਵਿਕਟਾਂ ਹਾਸਿਲ ਕਰ ਕੇ ਭਾਰਤ ਦਾ ਫਾਇਨਲ ਵਿੱਚ ਪਹੁੰਚਣ ਦਾ ਰਸਤਾ ਸਾਫ ਕੀਤਾ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਪੀਐੱਮ ਮੋਦੀ ਨੇ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਪੀੜ੍ਹੀਆਂ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦ ਰੱਖਣਗੀਆਂ। ਸ਼ਮੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਯੋਗੀ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਮਿੰਨੀ ਸਟੇਡੀਅਮ ਤੇ ਓਪਨ ਜਿਮ ਬਣਵਾਉਣ ਦਾ ਫੈਸਲਾ ਲਿਆ ਗਿਆ।
ਇਸ ਸਬੰਧੀ ਡੀਐੱਮ ਅਮਰੋਹਾ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਪ੍ਰਸਤਾਵ ਭੇਜ ਦਿੱਤਾ ਗਿਆ ਹੈ। ਉੱਥੋਂ ਮਨਜ਼ੂਰੀ ਤੇ ਇਸ ਸਬੰਧ ਵਿੱਚ ਜ਼ਰੂਰੀ ਨਿਰਦੇਸ਼ ਮਿਲਣ ਤੋਂ ਬਾਅਦ ਨਿਰਮਾਣ ਸਬੰਧੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਡੀਐੱਮ ਨੇ ਦੱਸਿਆ ਕਿ ਇਹ ਮਿੰਨੀ ਸਟੇਡੀਅਮ ਜ਼ਿਲ੍ਹਾ ਹੈੱਡਕੁਆਰਟਰ ਤੋਂ 9 ਕਿਲੋਮੀਟਰ ਤੇ ਹਾਈਵੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੋਵੇਗਾ।