ਗੁਜਰਾਤ ਦੀਆਂ ਕੁੱਲ 8686 ਗ੍ਰਾਮ ਪੰਚਾਇਤਾਂ ਦੇ ਚੋਣ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ। ਇਸ ਤੋਂ ਬਾਅਦ ਕਿਤੇ ਖੁਸ਼ੀ ਤੇ ਕਿਤੇ ਉਦਾਸੀ ਦਾ ਮਾਹੌਲ ਬਣ ਗਿਆ। ਇਸ ਦੇ ਨਾਲ ਹੀ ਕੱਛ ਜ਼ਿਲੇ ਦੀ ਅੰਜਾਰ ਤਹਿਸੀਲ ਦੇ ਪਿੰਡ ਦੁਧਾਈ ‘ਚ ਇਕ ਰੈਲੀ ਦੌਰਾਨ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਨਾਅਰੇਬਾਜ਼ੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੰਘਵੀ ਨੇ ਕਿਹਾ ਕਿ ਇਸ ਮਾਮਲੇ ‘ਤੇ ਕੱਛ ਦੇ ਰੇਂਜ ਆਈਜੀ ਨਾਲ ਗੱਲਬਾਤ ਕੀਤੀ ਗਈ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ।
ਮਹਿਲਾ ਸਰਪੰਚ ਦੀ ਜਿੱਤ ਦੇ ਜਸ਼ਨ ‘ਚ ਲਾਏ ਨਾਅਰੇ
ਪਿੰਡ ਦੁਧਾਈ ਵਿੱਚ ਮੰਗਲਵਾਰ ਸ਼ਾਮ ਨੂੰ 4200 ਵੋਟਾਂ ਨਾਲ ਚੋਣ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਰੀਨਾਬੇਨ ਰੰਗੂਭਾਈ ਕੋਠੀਵਾਰ ਨੂੰ 1026 ਵੋਟਾਂ ਨਾਲ ਜੇਤੂ ਐਲਾਨਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਜਿੱਤ ਦਾ ਜਸ਼ਨ ਮਨਾਉਣ ਲਈ ਪੋਲਿੰਗ ਸਟੇਸ਼ਨ ਛੱਡ ਕੇ ਚਲੇ ਗਏ। ਇਸ ਦੌਰਾਨ ਭੀੜ ‘ਚ ਮੌਜੂਦ ਕੁਝ ਲੋਕਾਂ ਨੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਨਾਅਰੇਬਾਜ਼ੀ ਕਰਨ ਵਾਲਿਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਜੇਤੂ ਮਹਿਲਾ ਸਰਪੰਚ ਰੀਨਾਬੇਨ ਰੰਗੂਭਾਈ ਕੋਠੀਵਾਰ ਦੇ ਪਤੀ ਰਘੂਭਾਈ ਕੋਠੀਵਾਰ ਨੇ ਪੁਲਸ ਪੁੱਛਗਿੱਛ ‘ਚ ਦੱਸਿਆ ਕਿ ਸਾਨੂੰ ਵੀਡੀਓ ਬਾਰੇ ਵੀ ਜਾਣਕਾਰੀ ਮਿਲੀ ਹੈ। ਜਿੱਤ ਤੋਂ ਬਾਅਦ ਸਾਡੇ ਸਮਰਥਕ ਜਸ਼ਨ ਵਿੱਚ ਨਾਅਰੇ ਲਗਾ ਰਹੇ ਸਨ, ਪਰ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸੀਂ ਆਪਣੇ ਪੱਧਰ ‘ਤੇ ਵੀ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ।