ਪਾਕੁਰ ਉਪਮੰਡਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਅਜੀਤ ਕੁਮਾਰ ਵਿਮਲ ਨੇ ਦੱਸਿਆ ਕਿ ਹਾਦਸੇ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 10 ਹੋਰਾਂ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ 25 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਰਫ਼ਤਾਰ ਟਰੱਕ ਅਤੇ ਗੈਸ ਸਿਲੰਡਰ ਨਾਲ ਭਰੀ ਬੱਸ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਬੱਸ ਅਤੇ ਐਲਪੀਜੀ ਸਿਲੰਡਰ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਪਰ ਖੁਸ਼ਕਿਸਮਤੀ ਨਾਲ ਕੋਈ ਸਿਲੰਡਰ ਨਹੀਂ ਫਟਿਆ, ਨਹੀਂ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਸ ਸਵਾਰੀਆਂ ਹਨ।
ਐਸਡੀਪੀਓ ਵਿਮਲ ਨੇ ਦੱਸਿਆ ਕਿ ਕਈਆਂ ਦੀ ਹਾਲਤ ਨਾਜ਼ੁਕ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਬੱਸ ਹਾਦਸੇ ‘ਚ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ।’