ਸੋਮਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨ ਮੰਤਰੀ ਨਾਲ ਹੋਈ ਅਚਨਚੇਤ ਮੁਲਾਕਾਤ ਤੋਂ ਬਾਅਦ ਸ਼ਹਿਰ ਵਿੱਚ ਇੱਕ ਵਾਰ ਫਿਰ ਨਵੇਂ ਸਲਾਹਕਾਰ ਦੇ ਨਾਂ ਦੀ ਚਰਚਾ ਜ਼ੋਰਾਂ ’ਤੇ ਹੈ। ਇਸ ਵਿੱਚ ਪੁਡੂਚੇਰੀ ਦੇ ਮੌਜੂਦਾ ਸਕੱਤਰ ਰਾਜੀਵ ਵਰਮਾ ਦਾ ਨਾਂ ਸਭ ਤੋਂ ਅੱਗੇ ਹੈ। ਉਹ 1992 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।
ਇਨ੍ਹਾਂ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦੇ ਸੀਨੀਅਰ ਆਈਏਐਸ ਅਧਿਕਾਰੀ ਡਾਕਟਰ ਸ਼ਰਦ ਚੌਹਾਨ ਦਾ ਨਾਂ ਵੀ ਚਰਚਾ ਵਿੱਚ ਸੀ। ਇਸ ਅਹੁਦੇ ਦੀ ਦੌੜ ਵਿੱਚ ਸੰਜੀਵ ਕੁਮਾਰ, ਅਸ਼ਵਨੀ ਕੁਮਾਰ, ਮਨੀਸ਼ ਗੁਪਤਾ, ਅਮਿਤ ਯਾਦਵ ਅਤੇ ਡਾਕਟਰ ਪੁਨੀਤ ਗੋਇਲ ਦੇ ਨਾਂ ਵੀ ਚਰਚਿਤ ਕੀਤੇ ਜਾ ਰਹੇ ਹਨ।
ਸੂਤਰਾਂ ਮੁਤਾਬਕ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਹੁਣ ਤੱਕ ਕੇਂਦਰ ਸਰਕਾਰ ਨੇ ਇਸ ਅਹੁਦੇ ਲਈ ਕੋਈ ਫੈਸਲਾ ਨਹੀਂ ਲਿਆ ਸੀ। 5 ਰਾਜਾਂ ਦੇ ਨਤੀਜਿਆਂ ਅਤੇ ਪ੍ਰਧਾਨ ਮੰਤਰੀ ਨਾਲ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮੀਟਿੰਗ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲੇ ਨੇ ਇਸ ਅਹੁਦੇ ‘ਤੇ ਨਿਯੁਕਤੀ ਦੀ ਫਾਈਲ ਪ੍ਰਧਾਨ ਮੰਤਰੀ ਨੂੰ ਭੇਜ ਦਿੱਤੀ ਹੈ। ਹੁਣ ਇਸ ਬਾਰੇ ਫੈਸਲਾ ਪ੍ਰਧਾਨ ਮੰਤਰੀ ਹੀ ਲੈਣਗੇ।
ਦੱਸ ਦੇਈਏ ਕਿ ਚੰਡੀਗੜ੍ਹ ਦੇ ਸਾਬਕਾ ਸਲਾਹਕਾਰ ਡਾਕਟਰ ਧਰਮਪਾਲ 31 ਅਕਤੂਬਰ ਨੂੰ ਸੇਵਾਮੁਕਤ ਹੋ ਗਏ ਸਨ। ਉਦੋਂ ਤੋਂ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਨੂੰ ਸਲਾਹਕਾਰ ਚੰਡੀਗੜ੍ਹ ਦਾ ਵਾਧੂ ਕੰਮ ਸੌਂਪਿਆ ਗਿਆ ਹੈ।
ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮੀਟਿੰਗ ਤੋਂ ਬਾਅਦ ਸ਼ਹਿਰ ਵਿੱਚ ਲੈਫਟੀਨੈਂਟ ਗਵਰਨਰ ਨਿਯੁਕਤ ਕਰਨ ਦੀ ਚਰਚਾ ਹੈ। ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦਾ ਦੌਰਾ ਕਰ ਰਹੇ ਹਨ। ਪਿਛਲੀ ਵਾਰ ਮਾਰਚ 2022 ਵਿੱਚ ਆਪਣੀ ਫੇਰੀ ਦੌਰਾਨ ਉਨ੍ਹਾਂ ਚੰਡੀਗੜ੍ਹ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ‘ਮੈਂ ਬਿਜਲੀ ਵਿਭਾਗ ਦਾ SDO ਬੋਲ ਰਿਹਾਂ, ਤੁਹਾਡਾ ਬਿੱਲ ਅਪਡੇਟ ਨਹੀਂ…’ ਫਿਰ ਖਾਤੇ ‘ਚੋਂ ਉੱਡੇ ਲੱਖਾਂ ਰੁਪਏ
ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਚਰਚਾ ਹੈ ਕਿ ਗ੍ਰਹਿ ਮੰਤਰੀ ਵੀ ਆਪਣੇ ਦੌਰੇ ਦੌਰਾਨ ਅਜਿਹਾ ਕੋਈ ਐਲਾਨ ਕਰ ਸਕਦੇ ਹਨ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਾਂ ਵੀ ਇੱਕ ਵਾਰ ਅਜਿਹੀ ਯੋਜਨਾ ਬਣਾਈ ਸੀ ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ਤੋਂ ਬਾਅਦ ਇਹ ਫੈਸਲਾ ਵਾਪਸ ਲੈਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ : –